ਭਾਰਤ ਦੇ ਸਟੀਲ ਨਿਰਯਾਤ 'ਚ 11 ਫ਼ੀਸਦੀ ਦਾ ਵਾਧਾ

Monday, Nov 11, 2024 - 05:44 AM (IST)

ਨੈਸ਼ਨਲ ਡੈਸਕ- ਭਾਰਤ ਦਾ ਸਟੀਲ ਨਿਰਯਾਤ ਸਤੰਬਰ ਦੇ ਮੁਕਾਬਲੇ ਇਸ ਸਾਲ ਅਕਤੂਬਰ 'ਚ 11 ਫੀਸਦੀ ਵਧ ਕੇ 4.4 ਮਿਲੀਅਨ ਟਨ 'ਤੇ ਪਹੁੰਚ ਗਿਆ ਹੈ। ਇਹ ਅੰਕੜਾ ਸਟੀਲ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਤੋਂ ਸਾਹਮਣੇ ਆਇਆ ਹੈ। ਇਹ ਵਾਧਾ ਸਟੀਲ ਸੈਕਟਰ ਵਿਚ ਸੁਧਾਰ ਦਾ ਸੰਕੇਤ ਦੇ ਰਿਹਾ ਹੈ ਅਤੇ ਘਰੇਲੂ ਕੰਪਨੀਆਂ ਨੂੰ ਆਪਣੇ ਉਤਪਾਦਾਂ ਲਈ ਬਿਹਤਰ ਕੀਮਤਾਂ ਮਿਲ ਰਹੀਆਂ ਹਨ।

ਅਕਤੂਬਰ 'ਚ ਸਟੀਲ ਦੀ ਬਰਾਮਦ 4 ਮਿਲੀਅਨ ਟਨ ਤੋਂ ਵਧ ਕੇ 4.4 ਮਿਲੀਅਨ ਟਨ ਹੋ ਗਈ, ਜੋ ਪਿਛਲੇ ਮਹੀਨੇ ਦੇ ਮੁਕਾਬਲੇ 11 ਫੀਸਦੀ ਜ਼ਿਆਦਾ ਹੈ। ਇਸ ਵਾਧੇ ਦਾ ਮੁੱਖ ਕਾਰਨ ਦਰਾਮਦ 'ਚ ਗਿਰਾਵਟ ਹੈ। ਇਸ ਕਾਰਨ ਘਰੇਲੂ ਸਟੀਲ ਕੰਪਨੀਆਂ ਨੂੰ ਤੀਜੀ ਤਿਮਾਹੀ 'ਚ ਆਪਣੇ ਉਤਪਾਦਾਂ ਦੀ ਚੰਗੀ ਕੀਮਤ ਮਿਲੇਗੀ।

ਆਯਾਤ ਗਿਰਾਵਟ ਅਤੇ ਘਰੇਲੂ ਸੁਧਾਰ
ਅਧਿਕਾਰਤ ਅੰਕੜਿਆਂ ਮੁਤਾਬਕ ਅਕਤੂਬਰ 'ਚ ਸਟੀਲ ਦੀ ਦਰਾਮਦ 4 ਫੀਸਦੀ ਘੱਟ ਕੇ 9.8 ਲੱਖ ਟਨ ਰਹਿ ਗਈ, ਜਦਕਿ ਸਤੰਬਰ 'ਚ ਇਹ ਅੰਕੜਾ 11 ਲੱਖ ਟਨ ਸੀ। ਸਰਕਾਰ ਨੇ ਵੀਅਤਨਾਮ ਵਰਗੇ ਦੇਸ਼ਾਂ ਤੋਂ ਆਉਣ ਵਾਲੇ ਘੱਟ-ਗੁਣਵੱਤਾ ਵਾਲੇ ਸਟੀਲ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨਾਲ ਦਰਾਮਦ ਘਟੀ ਹੈ ਅਤੇ ਘਰੇਲੂ ਕੰਪਨੀਆਂ ਨੂੰ ਫਾਇਦਾ ਹੋਇਆ ਹੈ।

ਇਸ ਦੌਰਾਨ ਸਟੀਲ ਕੰਪਨੀਆਂ ਦੀਆਂ ਕੀਮਤਾਂ ਵੀ ਵਧੀਆਂ ਹਨ। ਸਰਕਾਰੀ ਮਾਲਕੀ ਵਾਲੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ (ਸੇਲ) ਦੇ ਅਧਿਕਾਰੀਆਂ ਮੁਤਾਬਕ ਘਰੇਲੂ ਸਟੀਲ ਸੈਕਟਰ 'ਚ ਕੁਝ ਸੁਧਾਰ ਹੋਇਆ ਹੈ ਅਤੇ ਲੰਬੇ ਉਤਪਾਦਾਂ ਦੀਆਂ ਕੀਮਤਾਂ ਸਤੰਬਰ ਦੇ ਮੁਕਾਬਲੇ ਲਗਭਗ 2 ਫੀਸਦੀ ਵਧ ਕੇ 53,000 ਰੁਪਏ ਪ੍ਰਤੀ ਟਨ ਹੋ ਗਈਆਂ ਹਨ।

ਆਰਥਿਕ ਵਿਕਾਸ ਦਾ ਲਾਭ
ਭਾਰਤ ਦੇ ਸਟੀਲ ਸੈਕਟਰ ਵਿਚ ਤੇਜ਼ੀ ਨਾਲ ਵਾਧਾ ਦੇਸ਼ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਦੇ ਕਾਰਨ ਹੈ। ਭਾਰਤ ਦੀ ਜੀ. ਡੀ. ਪੀ ਵਿਕਾਸ ਦਰ 2023-24 ਵਿਚ 8.2 ਫ਼ੀਸਦੀ ਸੀ ਅਤੇ ਮੌਜੂਦਾ ਵਿੱਤੀ ਸਾਲ ਵਿਚ ਇਹ 7.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ, ਜਿਸ ਨਾਲ ਸਟੀਲ ਦੀ ਮੰਗ ਵਿਚ ਹੋਰ ਵਾਧਾ ਹੋਣ ਦੀ ਉਮੀਦ ਹੈ। ਇਸ ਤਰ੍ਹਾਂ ਭਾਰਤ ਦਾ ਸਟੀਲ ਸੈਕਟਰ ਹੌਲੀ-ਹੌਲੀ ਰਿਕਵਰੀ ਵੱਲ ਵਧ ਰਿਹਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿਚ ਇਸ ਦੇ ਵਿਕਾਸ ਨੂੰ ਬਰਕਰਾਰ ਰੱਖਣ ਦੀ ਉਮੀਦ ਹੈ।


 


Tanu

Content Editor

Related News