ਦਿੱਲੀ ਵਾਸੀ ਹੁਣ ਸਾਫ਼ ਹਵਾ ’ਚ ਲੈਣਗੇ ਸਾਹ, ਕੇਜਰੀਵਾਲ ਵਲੋਂ ਦੇਸ਼ ਦੇ ਪਹਿਲੇ ‘ਸਮੋਗ ਟਾਵਰ’ ਦਾ ਉਦਘਾਟਨ
Monday, Aug 23, 2021 - 04:09 PM (IST)
ਨਵੀਂ ਦਿੱਲੀ (ਕਮਲ ਕਾਂਸਲ)- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਜਧਾਨੀ ਦਿੱਲੀ ਵਿਚ ਹਵਾ ਪ੍ਰਦੂਸ਼ਣ ਘੱਟ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਸੋਮਵਾਰ ਨੂੰ ਇੱਥੇ ਦੇਸ਼ ਦੇ ਪਹਿਲੇ ‘ਸਮੋਗ ਟਾਵਰ’ ਹਵਾ ਸਾਫ਼ ਕਰਨ ਵਾਲੇ ਜਨਤਕ ਆਧੁਨਿਕ ਸਿਸਟਮ ਦਾ ਉਦਘਾਟਨ ਕੀਤਾ। ਕੇਜਰੀਵਾਲ ਨੇ ਦਿੱਲੀ ਦਾ ਦਿਲ ਮੰਨੇ ਜਾਣ ਵਾਲੇ ਕਨਾਟ ਪਲੇਸ ’ਚ ਸਥਾਪਤ ਇਸ ਟਾਵਰ ਨੂੰ ਪ੍ਰਦੂਸ਼ਣ ਖ਼ਿਲਾਫ਼ ਜਾਰੀ ਜੰਗ ’ਚ ਮੀਲ ਦਾ ਪੱਥਰ ਦੱਸਦੇ ਹੋਏ ਕਿਹਾ ਕਿ ਜੇਕਰ ਇਹ ਪ੍ਰਯੋਗ ਸਫ਼ਲ ਸਾਬਤ ਹੋਇਆ ਤਾਂ ਹੋਰ ਹਿੱਸਿਆਂ ’ਚ ਵੀ ਅਜਿਹੀ ਕੋਸ਼ਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤ ਪੁੱਜਦੇ ਹੀ ਰੋ ਪਏ ਅਫ਼ਗਾਨਿਸਤਾਨ ਦੇ ਸਿੱਖ ਸੰਸਦ ਮੈਂਬਰ, ਕਿਹਾ- ‘ਸਭ ਕੁਝ ਖ਼ਤਮ ਹੋ ਗਿਆ’
ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਪ੍ਰਦੂਸ਼ਣ ਨਾਲ ਲੜਨ ਅਤੇ ਦਿੱਲੀ ਦੀ ਹਵਾ ਸਾਫ਼ ਕਰਨ ਲਈ ਅੱਜ ਦਿੱਲੀ ਵਿਚ ਦੇਸ਼ ਦਾ ਪਹਿਲਾ ਸਮੋਗ ਟਾਵਰ ਲਾਇਆ ਜਾ ਰਿਹਾ ਹੈ। ਇਸ ਸਿਸਟਮ ਨੂੰ ਅਸੀਂ ਅਮਰੀਕਾ ਤੋਂ ਆਯਾਤ ਕੀਤਾ ਹੈ। ਇਹ ਸਮੋਗ ਟਾਵਰ ਦੂਸ਼ਿਤ ਹਵਾ ਨੂੰ ਖਿੱਚੇਗਾ ਅਤੇ ਸਾਫ਼ ਹਵਾ ਨੂੰ ਬਾਹਰ ਛੱਡੇਗਾ। ਇਸ ਦੇ ਅਸਰ ਦਾ ਮੁਲਾਂਕਣ ਆਈ. ਆਈ. ਟੀ. ਦਿੱਲੀ ਅਤੇ ਮੁੰਬਈ ਦੇ ਮਾਹਰਾਂ ਵਲੋਂ ਕੀਤਾ ਜਾਵੇਗਾ। ਉਹ ਇਕ ਮਹੀਨੇ ਦੇ ਅੰਕੜਿਆਂ ਦੇ ਆਧਾਰ ’ਤੇ ਸ਼ੁਰੂਆਤੀ ਅਤੇ ਅਗਲੇ ਦੋ ਸਾਲ ਵਿਚ ਉਸ ਦੇ ਅਸਰ ਬਾਰੇ ਪੂਰੀ ਜਾਣਕਾਰੀ ਦੇਣਗੇ। ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ ਕਿ ਇਸ ਤਕਨੀਕ ਨੂੰ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਸਥਾਪਤ ਕੀਤਾ ਜਾਵੇਗਾ ਜਾਂ ਨਹੀਂ।
ਇਹ ਵੀ ਪੜ੍ਹੋ: ਭਾਗਲਪੁਰ ਮਹਿਲਾ ਕਾਲਜ ’ਚ ਡਰੈਸ ਕੋਡ ਲਾਗੂ; ਵਿਦਿਆਰਥਣਾਂ ਦੇ ਖੁੱਲ੍ਹੇ ਵਾਲਾਂ ਅਤੇ ਸੈਲਫ਼ੀ ਲੈਣ ’ਤੇ ਲੱਗਾ ਬੈਨ
ਕੇਜਰੀਵਾਲ ਨੇ ਕਿਹਾ ਕਿ ਕਰੀਬ 24 ਫੁੱਟ ਉੱਚਾਈ ਦਾ ਇਹ ਟਾਵਰ ਇਕ ਕਿਲੋਮੀਟਰ ਦੇ ਦਾਇਰੇ ’ਚ ਹਵਾ ਨੂੰ ਸਾਫ਼ ਕਰੇਗਾ, ਜਿਸ ਨਾਲ ਰਾਜਧਾਨੀ ਦਾ ਪ੍ਰਦੂਸ਼ਣ ਦੇ ਪੱਧਰ ’ਚ ਕਮੀ ਆਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਂਝ ਤਾਂ ਦਿੱਲੀ ਸਰਕਾਰ ਦੀਆਂ ਕੋਸ਼ਿਸ਼ਾਂ ਨਾਲ ਪਹਿਲਾਂ ਦੇ ਮੁਕਾਬਲੇ ਪ੍ਰਦੂਸ਼ਣ ਵਿਚ ਕਮੀ ਆਈ ਹੈ ਪਰ ਇਸ ਅਨੋਖੀ ਕੋਸ਼ਿਸ਼ ਤੋਂ ਬਾਅਦ ਲੋਕਾਂ ਨੂੰ ਹੋਰ ਵੀ ਰਾਹਤ ਮਿਲ ਸਕਦੀ ਹੈ।
ਇਹ ਵੀ ਪੜ੍ਹੋ: ਸਾਲਾਨਾ ਅਮਰਨਾਥ ਯਾਤਰਾ ਸਮਾਪਤ, ਭੋਲੇਨਾਥ ਦੇ ਜੈਕਾਰਿਆਂ ਨਾਲ ਗੂੰਜੀ ਪਵਿੱਤਰ ਗੁਫ਼ਾ