ਭਾਰਤ ਦੀ ਪਹਿਲੀ ਵੈਕਸੀਨ ਦਾ ਦਿੱਲੀ 'ਚ ਮਨੁੱਖੀ ਟ੍ਰਾਇਲ ਸ਼ੁਰੂ, ਦਿੱਤੀ ਗਈ ਪਹਿਲੀ ਡੋਜ਼

Friday, Jul 24, 2020 - 08:05 PM (IST)

ਭਾਰਤ ਦੀ ਪਹਿਲੀ ਵੈਕਸੀਨ ਦਾ ਦਿੱਲੀ 'ਚ ਮਨੁੱਖੀ ਟ੍ਰਾਇਲ ਸ਼ੁਰੂ, ਦਿੱਤੀ ਗਈ ਪਹਿਲੀ ਡੋਜ਼

ਨਵੀਂ ਦਿੱਲੀ (ਭਾਸ਼ਾ) : ਕੋਰੋਨਾ ਵਾਇਰਸ ਦੀ ਰੋਕਥਾਮ ਲਈ ਭਾਰਤ ਦੀ ਪਹਿਲੀ ਸਵਦੇਸ਼ੀ ਵਿਕਸਤ ਟੀਕਾ ‘ਕੋਵੈਕਸੀਨ’ ਦਾ ਮਨੁੱਖਾਂ 'ਤੇ ਕਲੀਨਿਕਲ ਟ੍ਰਾਇਲ ਦਾ ਪਹਿਲਾ ਪੜਾਅ ਸ਼ੁੱਕਰਵਾਰ ਨੂੰ ਏਮਜ਼ 'ਚ ਸ਼ੁਰੂ ਹੋ ਗਿਆ ਅਤੇ 30 ਤੋਂ 40 ਸਾਲ ਦੀ ਉਮਰ ਦੇ ਇੱਕ ਵਿਅਕਤੀ ਨੂੰ ਪਹਿਲਾ ਟੀਕਾ ਲਗਾਇਆ ਗਿਆ। ਟੀਕੇ ਤੋਂ 0.5 ਮਿਲੀਲੀਟਰ ਦੀ ਪਹਿਲੀ ਡੋਜ਼ ਉਸ ਨੂੰ ਦੁਪਹਿਰ 1.30 ਵਜੇ ਦੇ ਕਰੀਬ ਦਿੱਤੀ ਗਈ। ਅਜੇ ਤੱਕ ਕੋਈ ਮਾੜਾ ਪ੍ਰਭਾਵ ਨਹੀਂ ਦਿਖਾਈ ਦਿੱਤਾ। ਅਗਲੇ ਸੱਤ ਦਿਨ ਤੱਕ ਉਸ 'ਤੇ ਨਜ਼ਰ ਰੱਖੀ ਜਾਵੇਗੀ।
ਇਹ ਜਾਣਕਾਰੀ ਏਮਜ਼ 'ਚ ਕਮਿਊਨਿਟੀ ਮੈਡੀਕਲ ਸੈਂਟਰ ਦੇ ਪ੍ਰੋਫੈਸਰ ਅਤੇ ਮੁੱਖ ਅਧਿਐਨਕਰਤਾ ਡਾ. ਸੰਜੈ ਰਾਏ ਨੇ ਦਿੱਤੀ। ਰਾਏ ਨੇ ਦੱਸਿਆ ਕਿ ਦਿੱਲੀ ਨਿਵਾਸੀ ਪਹਿਲੇ ਵਿਅਕਤੀ ਦੀ ਦੋ ਦਿਨ ਪਹਿਲਾਂ ਜਾਂਚ ਕੀਤੀ ਗਈ ਸੀ ਅਤੇ ਉਸ ਦੇ ਸਾਰੇ ਸਿਹਤ ਮਾਪਦੰਡ ਸਧਾਰਣ ਰੇਂਜ 'ਚ ਪਾਏ ਗਏ। ਉਸ ਨੂੰ ਕੋਈ ਹੋਰ ਬਿਮਾਰੀ ਵੀ ਨਹੀਂ ਹੈ।

22 ਦੀ ਸਕ੍ਰੀਨਿੰਗ, ਇਨ੍ਹਾਂ ਨੂੰ ਅੱਜ ਲੱਗੇਗਾ ਟੀਕਾ
ਏਮਜ਼ 'ਚ ਪ੍ਰੀਖਣ ਲਈ ਪਿਛਲੇ ਸ਼ਨੀਵਾਰ ਤੋਂ 3,500 ਤੋਂ ਜ਼ਿਆਦਾ ਲੋਕ ਆਪਣਾ ਪੰਜੀਕਰਣ ਕਰਵਾ ਚੁੱਕੇ ਹਨ, ਜਿਨ੍ਹਾਂ 'ਚੋਂ ਘੱਟ ਤੋਂ ਘੱਟ 22 ਦੀ ਸਕ੍ਰੀਨਿੰਗ ਚੱਲ ਰਹੀ ਹੈ। ਸਕ੍ਰੀਨਿੰਗ ਰਿਪੋਰਟ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਉਨ੍ਹਾਂ ਨੂੰ ਟੀਕਾ ਲਗਾਇਆ ਜਾਵੇਗਾ।

ਪਹਿਲੇ ਪੜਾਅ 'ਚ 375 ਲੋਕਾਂ 'ਤੇ ਪ੍ਰੀਖਣ ਹੋਵੇਗਾ
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਨੇ ‘ਕੋਵੈਕਸੀਨ’ ਦੇ ਪਹਿਲੇ ਅਤੇ ਦੂਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਲਈ ਏਮਜ਼ ਸਮੇਤ 12 ਸੰਸਥਾਵਾਂ ਨੂੰ ਚੁਣਿਆ ਹੈ। ਪਹਿਲੇ ਪੜਾਅ 'ਚ 375 ਲੋਕਾਂ 'ਤੇ ਪ੍ਰੀਖਣ ਹੋਵੇਗਾ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ 100 ਏਮਜ਼ ਤੋਂ ਹੋਣਗੇ। ਰਾਏ ਦੇ ਅਨੁਸਾਰ ਦੂਜੇ ਪੜਾਅ 'ਚ ਸਾਰੇ 12 ਸੰਸਥਾਵਾਂ ਨੂੰ ਮਿਲਾ ਕੇ ਕੁਲ ਕਰੀਬ 750 ਲੋਕ ਸ਼ਾਮਲ ਹੋਣਗੇ। ਪਹਿਲੇ ਪੜਾਅ 'ਚ ਟੀਕੇ ਦਾ ਪ੍ਰੀਖਣ 18 ਤੋਂ 55 ਸਾਲ ਦੇ ਅਜਿਹੇ ਤੰਦਰੁਸਤ ਲੋਕਾਂ 'ਤੇ ਕੀਤਾ ਜਾਵੇਗਾ ਜਿਨ੍ਹਾਂ ਨੂੰ ਹੋਰ ਕੋਈ ਬਿਮਾਰੀ ਨਹੀਂ ਹੈ। ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਦੇ ਅਨੁਸਾਰ ਦੂਜੇ ਪੜਾਅ 'ਚ 12 ਤੋਂ 65 ਸਾਲ ਦੀ ਉਮਰ ਦੇ 750 ਲੋਕਾਂ 'ਤੇ ਇਹ ਪ੍ਰੀਖਣ ਕੀਤਾ ਜਾਵੇਗਾ।
 


author

Inder Prajapati

Content Editor

Related News