ਦੇਸ਼ ’ਚ ਕੋਰੋਨਾ ਕੇਸਾਂ ਦੀ ਤੇਜ਼ ਹੋਈ ਰਫ਼ਤਾਰ, 24 ਘੰਟਿਆਂ ’ਚ 459 ਮੌਤਾਂ
Thursday, Apr 01, 2021 - 10:41 AM (IST)
ਨਵੀਂ ਦਿੱਲੀ— ਦੇਸ਼ ’ਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਦੀ ਰਫ਼ਤਾਰ ’ਚ ਮੁੜ ਤੇਜ਼ੀ ਆਉਣ ਲੱਗ ਪਈ ਹੈ। ਬੀਤੇ ਸਾਲ ਵੀ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਿਆ ਸੀ, ਹੁਣ ਇਕ ਵਾਰ ਫਿਰ ਤੋਂ ਕੋਰੋਨਾ ਡਰਾਉਣ ਲੱਗ ਪਿਆ ਹੈ। ਪਿਛਲੇ 24 ਘੰਟਿਆਂ ਦੇ ਅੰਦਰ 72,330 ਨਵੇਂ ਕੇਸ ਆਏ ਹਨ, ਜਦਕਿ 459 ਮੌਤਾਂ ਹੋਈਆਂ ਹਨ। ਦੇਸ਼ ’ਚ ਵੱਡੀ ਗਿਣਤੀ ’ਚ ਨਵੇਂ ਕੇਸ ਮਿਲਣ ਕਾਰਨ ਪੀੜਤ ਹੋਏ ਲੋਕਾਂ ਦੀ ਕੁੱਲ ਗਿਣਤੀ ਵਧ ਕੇ 1,22,21,665 ਹੋ ਗਈ ਹੈ। ਉੱਥੇ ਹੀ 459 ਹੋਰ ਮੌਤਾਂ ਤੋਂ ਬਾਅਦ ਮਿ੍ਰਤਕਾਂ ਦੀ ਗਿਣਤੀ 1,62,927 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ: 45 ਸਾਲ ਤੋਂ ਉੱਪਰ ਦੇ ਲੋਕ ਅੱਜ ਤੋਂ ਲਗਵਾ ਸਕਣਗੇ ‘ਕੋਰੋਨਾ ਵੈਕਸੀਨ’
ਕੇਂਦਰੀ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ 5,84,055 ਲੋਕਾਂ ਦਾ ਕੋਰੋਨਾ ਵਾਇਰਸ ਦਾ ਇਲਾਜ ਚੱਲ ਰਿਹਾ ਹੈ ਅਤੇ 1,14,74,683 ਲੋਕ ਵਾਇਰਸ ਤੋਂ ਮੁਕਤ ਹੋ ਚੁੱਕੇ ਹਨ। ਜੇਕਰ ਗੱਲ ਟੀਕਾਕਰਨ ਦੀ ਕੀਤੀ ਜਾਵੇ ਤਾਂ ਦੇਸ਼ ਵਿਚ ਹੁਣ ਤੱਕ 6,51,17,896 ਲੋਕਾਂ ਨੂੰ ਕੋੋਰੋਨਾ ਵੈਕਸੀਨ ਲਾਈ ਜਾ ਚੁੱਕੀ ਹੈ।
ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ਼ ਵਿਚਕਾਰ ਟੀਕਾਕਰਨ ਅਤੇ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲ
ਦੱਸ ਦੇਈਏ ਕਿ ਦੇਸ਼ ਵਿਚ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਗੁਜਰਾਤ, ਪੰਜਾਬ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਨਵੇਂ ਕੇਸ ਦਰਜ ਹੋ ਰਹੇ ਹਨ। ਮਹਾਰਾਸ਼ਟਰ ਵਿਚ ਕੋਰੋਨਾ ਦੀ ਨਵੀਂ ਲਹਿਰ ਕਾਰਨ ਹਾਲਾਤ ਮਾੜੇ ਹੋ ਰਹੇ ਹਨ। 31 ਮਾਰਚ ਤੱਕ ਸੂਬੇ ਵਿਚ 39,544 ਨਵੇਂ ਕੇਸ ਦਰਜ ਹੋਏ ਅਤੇ 227 ਮੌਤਾਂ ਹੋਈਆਂ। ਬੁੱਧਵਾਰ ਤੱਕ ਸੂਬੇ ਵਿਚ 3,56,243 ਕੇਸ ਸਰਗਰਮ ਹਨ। ਜਿਨ੍ਹਾਂ ਸੂਬਿਆਂ ’ਚ ਕੋਰੋਨਾ ਦੇ ਕੇਸ ਵਧੇਰੇ ਹਨ, ਉੱਥੇ ਤਾਲਾਬੰਦੀ ਲਾ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਕਈ ਜ਼ਿਲ੍ਹਿਆਂ ’ਚ ਪੂਰੀ ਤਰ੍ਹਾਂ ਤਾਲਾਬੰਦੀ ਹੈ।
ਇਹ ਵੀ ਪੜ੍ਹੋ: ਸਿਹਤ ਮੰਤਰੀ ਹਰਸ਼ਵਰਧਨ ਅਤੇ ਉਨ੍ਹਾਂ ਦੀ ਪਤਨੀ ਨੇ ਲਈ ਕੋਵਿਡ-19 ਟੀਕੇ ਦੀ ਦੂਜੀ ਖ਼ੁਰਾਕ