ਭਾਰਤ ਦੀ ਬ੍ਰਿਟੇਨ ਨੂੰ ਦੋ-ਟੁੱਕ, ਖ਼ਾਲਿਸਤਾਨ ਸਮਰਥਕਾਂ ''ਤੇ ਲਗਾਮ ਲਗਾਵੇ UK

Thursday, Apr 13, 2023 - 04:30 PM (IST)

ਭਾਰਤ ਦੀ ਬ੍ਰਿਟੇਨ ਨੂੰ ਦੋ-ਟੁੱਕ, ਖ਼ਾਲਿਸਤਾਨ ਸਮਰਥਕਾਂ ''ਤੇ ਲਗਾਮ ਲਗਾਵੇ UK

ਨਵੀਂ ਦਿੱਲੀ- ਭਾਰਤ ਨੇ ਬ੍ਰਿਟੇਨ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਹੱਲਾ-ਸ਼ੇਰੀ ਦੇਣ ਵਾਲੇ ਖ਼ਾਲਿਸਤਾਨੀ ਸਮਰਥਕਾਂ 'ਤੇ ਲਗਾਮ ਲਾਉਣ ਲਈ ਕਿਹਾ ਹੈ। ਭਾਰਤ ਨੇ ਕਿਹਾ ਕਿ ਬ੍ਰਿਟੇਨ ਵਿਚ ਬੈਠੇ ਖ਼ਾਲਿਸਤਾਨ ਸਮਰਥਕ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਲਈ ਉਨ੍ਹਾਂ 'ਤੇ ਲਗਾਮ ਲਾਉਣਾ ਜ਼ਰੂਰੀ ਹੈ। ਨਾਲ ਹੀ ਭਾਰਤ ਨੇ ਬ੍ਰਿਟੇਨ ਨਾਲ ਬਿਹਤਰ ਸਹਿਯੋਗ ਅਤੇ UK ਸਥਿਤ ਖ਼ਾਲਿਸਤਾਨੀ ਸਮਰਥਕਾਂ ਦੀ ਨਿਗਰਾਨੀ ਵਧਾਉਣ ਅਤੇ ਉੱਚਿਤ ਕਾਰਵਾਈ ਕਰਨ ਦੀ ਵੀ ਬੇਨਤੀ ਕੀਤੀ ਹੈ।

ਨਵੀਂ ਦਿੱਲੀ ਵਿਚ ਆਯੋਜਿਤ 5ਵੇਂ ਭਾਰਤ-ਯੂ. ਕੇ. ਹੋਮ ਅਫੇਅਰਜ਼ ਦੀ ਬੈਠਕ ਦੌਰਾਨ ਭਾਰਤ ਨੇ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ 'ਚ ਖ਼ਾਲਿਸਤਾਨ ਸਮਰਥਕਾਂ ਵਲੋਂ ਘਾਤ ਲਾਉਣ 'ਤੇ ਵੀ ਡੂੰਘੀ ਚਿੰਤਾ ਜਤਾਈ ਹੈ। ਇਸ ਬੈਠਕ 'ਚ ਭਾਰਤੀ ਵਫ਼ਦ ਦੀ ਅਗਵਾਈ ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਕਰ ਰਹੇ ਸਨ, ਜਦਕਿ ਬ੍ਰਿਟੇਨ ਵਲੋਂ ਉੱਥੋਂ ਦੇ ਗ੍ਰਹਿ ਦਫ਼ਤਰ ਦੇ ਸਥਾਈ ਸਕੱਤਰ ਸਰ ਮੈਥਿਊ ਰੀਕ੍ਰਾਫਟ ਅਗਵਾਈ ਕਰ ਰਹੇ ਸਨ। ਇਸ ਬੈਠਕ ਵਿਚ ਦੋਹਾਂ ਦੇਸ਼ਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।

ਇਸ ਬੈਠਕ ਦੌਰਾਨ ਅੱਤਵਾਦ, ਸਾਈਬਰ ਸੁਰੱਖਿਆ, ਗਲੋਬਲ ਸਪਲਾਈ ਚੇਨ, ਡਰੱਗ ਤਸਕਰੀ, ਪ੍ਰਵਾਸ, ਹਵਾਲਗੀ ਅਤੇ ਬ੍ਰਿਟੇਨ 'ਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਘੱਟ ਕਰਨ 'ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਭਾਰਤ ਨੇ ਖ਼ਾਲਿਸਤਾਨ ਨਾਲ ਸਬੰਧਤ ਅੱਤਵਾਦ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਚੁੱਕਿਆ।

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਦੀ ਸੁਰੱਖਿਆ ਉਲੰਘਣਾ 'ਤੇ ਬ੍ਰਿਟਿਸ਼ ਅਧਿਕਾਰੀਆਂ ਸਾਹਮਣੇ ਇਤਰਾਜ਼ ਜਤਾਇਆ ਹੈ। ਇਸ ਦੇ ਨਾਲ ਹੀ ਬ੍ਰਿਟੇਨ 'ਚ ਰਹਿ ਰਹੇ ਖ਼ਾਲਿਸਤਾਨ ਸਮਰਥਕਾਂ 'ਤੇ ਨਿਗਰਾਨੀ ਵਧਾਉਣ ਦੀ ਮੰਗ ਕੀਤੀ ਗਈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਬੈਠਕ 'ਚ ਦੋਵੇਂ ਪੱਖ ਗੱਲਬਾਤ ਤੋਂ ਬਾਅਦ ਸਾਰੇ ਮੁੱਦਿਆਂ 'ਤੇ ਸਹਿਮਤ ਹੋਏ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਸਹਿਮਤੀ ਪ੍ਰਗਟਾਈ।

ਦੱਸ ਦਈਏ ਕਿ ਵਿਦੇਸ਼ ਮੰਤਰਾਲਾ (MEA) ਨੇ ਪਿਛਲੇ ਮਹੀਨੇ ਖ਼ਾਲਿਸਤਾਨ ਪੱਖੀ ਸਮਰਥਕ ਪ੍ਰਦਰਸ਼ਨਕਾਰੀਆਂ ਵਲੋਂ ਲੰਡਨ 'ਚ ਹਾਈ ਕਮਿਸ਼ਨ 'ਚ ਭਾਰਤੀ ਤਿਰੰਗਾ ਉਤਾਰਨ ਤੋਂ ਬਾਅਦ ਬ੍ਰਿਟੇਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਸੀ। ਖ਼ਾਲਿਸਤਾਨ ਸਮਰਥਕ 'ਵਾਰਿਸ ਪੰਜਾਬ ਦੇ' ਸੰਗਠਨ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਸ ਦੀ ਕਾਰਵਾਈ ਦੇ ਖਿਲਾਫ਼ ਵਿਰੋਧ ਕਰ ਰਹੇ ਸਨ।


author

Tanu

Content Editor

Related News