ਭਾਰਤ ਨੇ ਰੱਖਿਆ ਆਈ.ਐੱਨ.ਐੱਸ.ਟੀ.ਸੀ. ਰਸਤੇ 'ਚ ਚਾਬਹਾਰ ਨੂੰ ਸ਼ਾਮਲ ਕਰਣ ਦਾ ਪ੍ਰਸਤਾਵ
Friday, Mar 05, 2021 - 11:55 PM (IST)
ਨੈਸ਼ਨਲ ਡੈਸਕ : ਭਾਰਤ ਨੇ ਉਮੀਦ ਜਤਾਈ ਕਿ ਅੰਤਰਰਾਸ਼ਟਰੀ ਉੱਤਰ ਦੱਖਣੀ ਟ੍ਰਾਂਸਪੋਰਟ ਗਲਿਆਰਾ (ਆਈ.ਐੱਨ.ਐੱਸ.ਟੀ.ਸੀ.) ਤਾਲਮੇਲ ਪ੍ਰੀਸ਼ਦ ਦੀ ਬੈਠਕ ਵਿੱਚ ਮੈਂਬਰ ਦੇਸ਼ ਗਲਿਆਰੇ ਦੇ ਰਸਤੇ ਦਾ ਵਿਸਥਾਰ ਕਰ ਇਸ ਵਿੱਚ ਚਾਬਹਾਰ ਬੰਦਰਗਾਹ ਨੂੰ ਸ਼ਾਮਲ ਕਰਣ ਅਤੇ ਇਸ ਪ੍ਰੋਜੈਕਟ ਦੀ ਮੈਂਬਰੀ ਦੇ ਵਿਸਥਾਰ 'ਤੇ ਸਹਿਮਤ ਹੋਣਗੇ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨੈਵੀਗੇਸ਼ਨ ਇੰਡੀਆ ਸਮਿਟ ਦੇ ਸੱਦੇ ‘ਤੇ ਆਯੋਜਿਤ ਚਾਬਹਾਰ ਦਿਵਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਉੱਤਰ ਦੱਖਣੀ ਟ੍ਰਾਂਸਪੋਰਟ ਗਲਿਆਰਾ (ਆਈ.ਐੱਨ.ਐੱਸ.ਟੀ.ਸੀ.) ਇੱਕ ਮਹੱਤਵਪੂਰਣ ਵਪਾਰ ਗਲਿਆਰਾ ਪ੍ਰੋਜੈਕਟ ਹੈ ਜਿਸ ਵਿੱਚ ਭਾਰਤ ਦੇ ਨਾਲ 12 ਦੇਸ਼ ਲੋਕਾਂ ਦੇ ਫਾਇਦੇ ਲਈ ਆਰਥਿਕ ਗਲਿਆਰਾ ਸਥਾਪਤ ਕਰਨ ਦੇ ਟੀਚੇ ਨਾਲ ਸਹਿਯੋਗ ਕਰ ਰਹੇ ਹਨ।
ਉਨ੍ਹਾਂ ਕਿਹਾ, ਮੈਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਉੱਤਰ ਦੱਖਣੀ ਟ੍ਰਾਂਸਪੋਰਟ ਗਲਿਆਰਾ ਤਾਲਮੇਲ ਪ੍ਰੀਸ਼ਦ ਦੀ ਬੈਠਕ ਵਿੱਚ ਮੈਂਬਰ ਦੇਸ਼ ਗਲਿਆਰੇ ਦੇ ਰਸਤੇ ਦਾ ਵਿਸਥਾਰ ਕਰ ਇਸ ਚਾਬਹਾਰ ਬੰਦਰਗਾਹ ਨੂੰ ਸ਼ਾਮਲ ਕਰਣ 'ਤੇ ਸਹਿਮਤ ਹੋ ਜਾਣਗੇ। ਜੈਸ਼ੰਕਰ ਨੇ ਇਹ ਵੀ ਉਮੀਦ ਜਤਾਈ ਕਿ ਬੈਠਕ ਵਿੱਚ ਇਸ ਪ੍ਰੋਜੈਕਟ ਦੀ ਮੈਂਬਰੀ ਦੇ ਵਿਸਥਾਰ 'ਤੇ ਵੀ ਸਹਿਮਤੀ ਬਣੇਗੀ। ਉਨ੍ਹਾਂ ਕਿਹਾ ਕਿ ਉਹ ਇਸ ਬਹੁ-ਪੱਧਰੀ ਗਲਿਆਰਾ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਉਜਬੇਕਿਸਤਾਨ ਅਤੇ ਅਫਗਾਨਿਸਤਾਨ ਦੁਆਰਾ ਦਿਲਚਸਪੀ ਦਿਖਾਏ ਜਾਣ ਦਾ ਵੀ ਸਵਾਗਤ ਕਰਦੇ ਹਾਂ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਖੇਤਰੀ ਸੰਪਰਕ ਦੇ ਮਹੱਤਵ ਨੂੰ ਸਮਝਦੀ ਹੈ ਅਤੇ ਇਸ ਦੇ ਮੱਦੇਨਜ਼ਰ ਚਾਬਹਾਰ ਵਿੱਚ ਬੰਦਰਗਾਹ ਦੇ ਵਿਕਾਸ ਲਈ ਨਿਵੇਸ਼ ਦਾ ਮਹੱਤਵਪੂਰਣ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ 'ਤੇ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਸੀ ਪਰ ਸਾਲ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਈਰਾਨ ਯਾਤਰਾ ਦੌਰਾਨ ਅੰਤਰਰਾਸ਼ਟਰੀ ਟ੍ਰਾਂਸਪੋਰਟ ਅਤੇ ਪਾਰਗਮਨ ਗਲਿਆਰਾ ਸਥਾਪਤ ਕਰਣ ਲਈ ਭਾਰਤ, ਈਰਾਨ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ-ਪੱਖੀ ਸਮਝੌਤਾ ਹੋਇਆ। ਜੈਸ਼ੰਕਰ ਨੇ ਕਿਹਾ ਕਿ ਟ੍ਰਾਂਸਪੋਰਟ ਅਤੇ ਟਰਾਂਜ਼ਿਟ ਗਲਿਆਰੇ ਦਾ ਮਕਸਦ ਪੂਰੇ ਖੇਤਰ ਵਿੱਚ ਵਪਾਰ ਦੇ ਸੁਚਾਰੂ ਪ੍ਰਵਾਹ ਯਕੀਨੀ ਕਰਣਾ ਅਤੇ ਸ਼ੁਰੂਆਤ ਵਿੱਚ ਅਫਗਾਨਿਸਤਾਨ ਅਤੇ ਬਾਅਦ ਵਿੱਚ ਮੱਧ ਏਸ਼ੀਆ ਦੇ ਨਾਲ ਸੁਰੱਖਿਅਤ ਅਤੇ ਭਰੋਸੇਮੰਦ ਕੰਮ-ਕਾਜ ਦਾ ਰਸਤਾ ਸਥਾਪਤ ਕਰਣਾ ਹੈ।