ਕਸ਼ਮੀਰ ਤਣਾਅ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਹੋ ਸਕਦੀ ਹੈ ਭਾਰਤ-ਪਾਕਿ ਬੈਠਕ

08/29/2019 8:21:17 PM

ਨਵੀਂ ਦਿੱਲੀ— ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਨੇ ਪਾਕਿਸਤਾਨ ਦੇ ਸਾਹਮਣੇ ਸਤੰਬਰ ਦੇ ਪਹਿਲੇ ਹਫਤੇ ’ਚ ਬੈਠਕ ਦਾ ਪ੍ਰਸਤਾਵ ਰੱਖਿਆ ਹੈ। ਭਾਰਤ ਨੇ ਇਹ ਪ੍ਰਸਤਾਵ ਅਜਿਹੇ ਸਮੇਂ ’ਚ ਰੱਖਿਆ ਹੈ ਜਦੋਂ ਜੰਮੂ ਕਸ਼ਮੀਰ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਕਾਫੀ ਤਣਾਅਪੂਰਨ ਹਨ। ਇਸ ਬੈਠਕ ’ਚ ਕਰਤਾਰਪੂਰ ਕੋਰੀਡੋਰ ਦੀਆਂ ਤਿਆਰੀਆਂ ਨੂੰ ਲੈ ਕੇ ਚਰਚਾ ਹੋਵੇਗੀ।
ਦੱਸ ਦਈਏ ਕਿ ਸਿੱਖਾਂ ਦੇ ਬੇਹੱਦ ਪਵਿੱਤਰ ਤੀਰਥ ਸਥਾਨਾਂ ਚੋਂ ਇਕ ਕਰਤਾਰਪੁਰ ਸਾਹਿਬ ਗੁਰੂਦੁਆਰੇ ਭਾਰਤੀ ਸਰਹੱਦ ਤੋਂ ਸਿਰਫ ਕੁਝ ਹੀ ਕਿਲੋਮੀਟਕ ਦੀ ਦੂਰੀ ’ਤੇ ਪਾਕਿਸਤਾਨ ’ਚ ਸਥਿਤ ਹੈ। ਗਲਿਆਰੇ ਤੋਂ ਸਿੱਖ ਸ਼ਰਧਾਲੂਆਂ ਨੂੰ ਬਿਨਾਂ ਵੀਜ਼ਾ ਗੁਰੂਦੁਆਰੇ ਤਕ ਜਾਣ ਦੀ ਇਜਾਜ਼ਤ ਹੋਵੇਗੀ।
ਉਥੇ ਹੀ ਪਾਕਿਸਤਾਨ ਦੇ ਅਧਿਕਾਰੀਆਂ ਨੇ ਨਨਕਾਣਾ ਸਾਹਿਬ ’ਚ ਗੁਰੂ ਨਾਨਕ ਦੇਵ ਦੀ 550ਵੀਂ ਜਯੰਤੀ ਸਮਾਗਮ ’ਚ ਹਿੱਸਾ ਲੈਣ ਲਈ ਭਾਰਤ ਤੇ ਦੁਨੀਆ ਭਰ ਦੇ ਸਿੱਖ ਤੀਰਥ ਯਾਤਰੀਆਂ ਨੂੰ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ 30 ਸਤੰਬਰ ਤਕ ਪੂਰਾ ਕਰਨ ਦਾ ਫੈਸਲਾ ਕੀਤਾ ਹੈ। ਮੀਡੀਆ ਨੂੰ ਇਹ ਜਾਣਕਾਰੀ ਵੀਰਵਾਰ ਨੂੰ ਦਿੱਤੀ ਗਈ। ਡਾਨ ਨਿੳੂਜ਼ ਦੀ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਲਾਹੌਰ ’ਚ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਸਰਵਰ ਦੀ ਪ੍ਰਧਾਨਗੀ ’ਚ ਰਿਲੀਜਿਅਸ ਟੂਰੀਜ਼ਮ ਐਂਡ ਹੈਰੀਟੇਜ ਕਮੇਟੀ ਦੀ ਬੈਠਕ ਦੌਰਾਨ ਇਹ ਫੈਸਲਾ ਕੀਤਾ ਗਿਆ।
ਬੈਠਕ ਤੋਂ ਬਾਅਦ ਗਵਰਨਰ ਨੇ ਮੀਡੀਆ ਕਰਮਚਾਰੀਆਂ ਨੂੰ ਦੱਸਿਆ ਕਿ ਸਿੱਖ ਤੀਰਥ ਯਾਤਰੀਆਂ ਲਈ ਵੀਜ਼ਾ ਪ੍ਰਕਿਰਿਆ 1 ਸਤੰਬਰ ਤੋਂ ਸ਼ੁਰੂ ਕੀਤੀ ਜਾਵੇਗੀ ਤੇ ਮਹੀਨੇ ਦੇ ਅੰਤ ’ਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਜਨਮ ਸਥਾਨ ਨਨਕਾਨਾ ਸਾਹਿਬ ’ਚ ਟੈਂਟ ਸਿਟੀ ਸਥਾਪਿਤ ਕਰਨ ਦਾ ਕੰਮ ਅਗਲੇ ਹਫਤੇ ਤੋਂ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੱਚਾ ਸੌਦਾ ਤੋਂ ਨਨਕਾਣਾ ਸਾਹਿਬ ਤਕ ਸੜਕ ਦੇ ਨਿਰਮਾਣ ਲਈ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਨ ਲਈ ਜਲਦ ਹੀ ਫੰਡ ਮੁਹੱਈਆ ਕਰਵਾਏ ਜਾਣਗੇ।   


Inder Prajapati

Content Editor

Related News