ਭਾਰਤ ''ਚ 2024 ''ਚ ਕੁਦਰਤੀ ਆਫ਼ਤਾਂ ਕਾਰਨ ਬੇਘਰ ਹੋਏ 54 ਲੱਖ ਲੋਕ
Tuesday, May 13, 2025 - 05:56 PM (IST)

ਨਵੀਂ ਦਿੱਲੀ- ਭਾਰਤ 'ਚ ਹੜ੍ਹ, ਤੂਫਾਨ ਅਤੇ ਹੋਰ ਆਫ਼ਤਾਂ ਕਾਰਨ 2024 'ਚ 54 ਲੱਖ ਲੋਕ ਬੇਘਰ ਹੋਏ, ਜੋ ਕਿ 12 ਸਾਲਾਂ 'ਚ ਸਭ ਤੋਂ ਵੱਧ ਅੰਕੜਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਨਵੀਂ ਰਿਪੋਰਟ 'ਚ ਦਿੱਤੀ ਗਈ। ਜਿਨੇਵਾ ਸਥਿਤ ਅੰਦਰੂਨੀ ਵਿਸਥਾਪਨ ਨਿਗਰਾਨੀ ਕੇਂਦਰ (IDMC) ਨੇ ਦੇਸ਼ 'ਚ ਹਿੰਸਾ ਨਾਲ ਸਬੰਧਤ ਵਿਸਥਾਪਨ ਦੇ 1,700 ਮਾਮਲੇ ਦਰਜ ਕੀਤੇ। ਇਹ 2023 ਦੇ ਮੁਕਾਬਲੇ ਘੱਟ ਅੰਕੜਾ ਹੈ ਜਦੋਂ ਮਣੀਪੁਰ 'ਚ ਫਿਰਕੂ ਹਿੰਸਾ ਭੜਕੀ ਸੀ। ਮਣੀਪੁਰ 'ਚ ਘਰਾਂ 'ਚ ਅੱਗ ਲੱਗਣ ਸਮੇਤ ਹਿੰਸਕ ਘਟਨਾਵਾਂ ਕਾਰਨ 2024 'ਚ 1,000 ਲੋਕ ਬੇਘਰ ਹੋ ਗਏ ਸਨ। ਆਈਡੀਐੱਮਸੀ ਨੇ ਕਿਹਾ ਕਿ ਭਾਰਤ 'ਚ ਦੋ ਤਿਹਾਈ ਅੰਦਰੂਨੀ ਵਿਸਥਾਪਨ ਹੜ੍ਹ ਕਾਰਨ ਹੋਇਆ।
ਰਿਪੋਰਟ 'ਚ ਕਿਹਾ ਗਿਆ ਕਿ ਜਲਵਾਯੂ ਪਰਿਵਰਤਨ, ਜੰਗਲਾਂ ਦੀ ਕਟਾਈ, ਡੈਮ ਦੀ ਸਾਂਭ-ਸੰਭਾਲ 'ਚ ਕਮੀ ਜ਼ੋਖਮ ਦੇ ਮੁੱਖ ਕਾਰਨ ਹਨ। ਰਿਪੋਰਟ ਅਨੁਸਾਰ, ਆਸਾਮ 'ਚ ਇਕ ਦਹਾਕੇ ਤੋਂ ਵੀ ਵੱਧ ਸਮੇਂ 'ਚ ਸਭ ਤੋਂ ਭਿਆਨਕ ਹੜ੍ਹ ਕਾਰਨ 2024 'ਚ 25 ਲੱਖ ਲੋਕ ਅੰਦਰੂਨੀ ਵਿਸਥਾਪਨ ਦੇ ਸ਼ਿਕਾਰ ਹੋਏ। ਭਿਆਨਕ ਚੱਕਰਵਾਤਾਂ ਸਮੇਤ ਤੁਫਾਨਾਂ ਕਾਰਨ ਦੇਸ਼ 'ਚ 16 ਲੱਖ ਲੋਕ ਬੇਘਰ ਹੋਏ। ਚੱਕਰਵਾਤ 'ਦਾਨਾ' ਕਾਰਨ 10 ਲੱਖ ਤੋਂ ਵੱਧ ਲੋਕ ਬੇਘਰ ਹੋਏ। ਇਹ ਚੱਕਰਵਾਤ ਅਕਤੂਬਰ ਦੇ ਅੰਤ 'ਚ ਬੰਗਾਲ ਦੀ ਖਾੜੀ 'ਚ ਪੈਦਾ ਹੋਇਆ ਸੀ। ਇਸ਼ ਕਾਰਨ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਲੋਕਾਂ ਨੂੰ ਪਲਾਇਨ ਕਰਨ 'ਤੇ ਮਜ਼ਬੂਰ ਹੋਣਾ ਪਿਆ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e