ਕੋਰੋਨਾ ਨਾਲ ਨਜਿੱਠਣ ਲਈ ਭਾਰਤ ਨੇ ਮਿਆਂਮਾਰ ਨੂੰ ਦਿੱਤੀਆਂ ''ਰੈਮਡੇਸਿਵੀਰ'' ਦਵਾਈ ਦੀਆਂ 3000 ਤੋਂ ਵੱਧ ਸ਼ੀਸ਼ੀਆਂ
Tuesday, Oct 06, 2020 - 01:37 PM (IST)
ਨੈਸ਼ਨਲ ਡੈਸਕ- ਆਪਣੇ ਗੁਆਂਢੀ ਦੇਸ਼ ਦੀ ਕੋਵਿਡ-19 ਵਿਰੁੱਧ ਲੜਾਈ 'ਚ ਮਦਦ ਕਰਨ ਲਈ ਫੌਜ ਮੁੱਖੀ ਜਨਰਲ ਐੱਮ. ਐੱਸ. ਨਰਵਾਣੇ ਅਤੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਿੰਗਲਾ ਨੇ ਸੋਮਵਾਰ ਨੂੰ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਚੀ ਨੂੰ 'ਰੈਮਡੇਸਿਵੀਰ' ਦਵਾਈ ਦੀਆਂ 3000 ਤੋਂ ਵੱਧ ਸ਼ੀਸ਼ੀਆਂ ਸੌਂਪੀਆਂ। ਜਨਰਲ ਨਰਵਾਣੇ ਅਤੇ ਸ਼ਰਿੰਗਲਾ ਐਤਵਾਰ ਨੂੰ 2 ਦਿਨਾਂ ਮਿਆਂਮਾਰ ਯਾਤਰਾ ਪਹੁੰਚੇ, ਜਿਸ ਦਾ ਮਕਸਦ ਰੱਖਿਆ ਅਤੇ ਸੁਰੱਖਿਆ ਸਮੇਤ ਕਈ ਖੇਤਰਾਂ 'ਚ ਸੰਬੰਧਾਂ ਦਾ ਹੋਰ ਵਿਸਥਾਰ ਕਰਨਾ ਹੈ। ਭਾਰਤੀ ਦੂਤਘਰ ਨੇ ਟਵੀਟ ਕੀਤਾ,''ਭਾਰਤੀ ਫੌਜ ਮੁਖੀ ਅਤੇ ਵਿਦੇਸ਼ ਸਕੱਤਰ ਨੇ ਭਾਰਤ ਦੇ ਰਾਜਦੂਤ ਸੌਰਭ ਕੁਮਾਰ ਨਾਲ ਸੋਮਵਾਰ ਨੂੰ ਸੂ ਚੀ ਨਾਲ ਮੁਲਾਕਾਤ ਕੀਤੀ ਅਤੇ ਮਹੱਤਵਪੂਰਨ ਦੋ-ਪੱਖੀ ਮੁੱਦਿਆਂ 'ਤੇ ਚਰਚਾ ਕੀਤੀ। ਉਸ ਨੇ ਇਕ ਹੋਰ ਟਵੀਟ 'ਚ ਕਿਹਾ ਕਿ ਕੋਵਿਡ-19 ਵਿਰੁੱਧ ਲੜਾਈ 'ਚ ਦੋਸਤ ਗੁਆਂਢੀ ਮਿਆਂਮਾਰ ਦੀ ਮਦਦ ਕਰਨ ਲਈ ਭਾਰਤ ਤੋਂ ਸੂ ਚੀ ਨੂੰ 'ਰੈਮਡੇਸਿਵੀਰ' ਦਵਾਈ ਦੀਆਂ 3000 ਤੋਂ ਵੱਧ ਸ਼ੀਸ਼ੀਆਂ ਸੌਂਪੀਆਂ।
'ਰੈਮਡੇਸਿਵੀਰ' ਦੀ ਵਰਤੋਂ ਕੋਵਿਡ-19 ਦੇ ਇਲਾਜ ਲਈ ਕੀਤੀ ਜਾਂਦੀ ਹੈ। ਕੋਰੋਨਾ ਵਾਇਰਸ ਨਾਲ ਪੀੜਤ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਦਵਾਈ ਦਿੱਤੀ ਜਾ ਰਹੀ ਹੈ। ਜਨਰਲ ਨਰਵਾਣੇ ਅਤੇ ਸ਼ਰਿੰਗਲਾ ਦਾ ਦੌਰਾ ਅਜਿਹੇ ਸਮੇਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ, ਜਦੋਂ ਭਾਰਤੀ ਫੌਜ ਦਾ ਪੂਰੀ ਲੱਦਾਖ 'ਚ ਚੀਨ ਦੀ ਫੌਜ ਨਾਲ ਸਰਹੱਦ 'ਤੇ ਤਣਾਅ ਜਾਰੀ ਹੈ ਅਤੇ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਵਿਦੇਸ਼ ਯਾਤਰਾਵਾਂ 'ਤੇ ਪਾਬੰਦੀ ਵੀ ਲੱਗੀ ਹੋਈ ਹੈ। ਇਹ ਜਨਰਲ ਨਰਵਾਣੇ ਦੀ ਪਿਛਲੇ ਸਾਲ 31 ਦਸੰਬਰ ਨੂੰ ਫੌਜ ਮੁਖੀ ਦੇ ਰੂਪ 'ਚ ਕੰਮਕਾਰ ਸੰਭਾਲਣ ਤੋਂ ਬਾਅਦ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਮਿਆਂਮਾਰ, ਭਾਰਤ ਦੇ ਰਣਨੀਤਕ ਗੁਆਂਢੀ ਦੇਸ਼ਾਂ 'ਚੋਂ ਇਕ ਹੈ, ਜੋ ਅੱਤਵਾਦ ਪ੍ਰਭਾਵਿਤ ਨਾਗਾਲੈਂਡ ਅਤੇ ਮਣੀਪੁਰ ਸਮੇਤ ਉੱਤਰ-ਪੂਰਬ ਦੇ ਕਈ ਸੂਬਿਆਂ ਨਾਲ 1640 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ।