ਮੋਦੀ ਦੀ ਤਾਜਪੋਸ਼ੀ ''ਚ ਇਮਰਾਨ ਨੂੰ ਸੱਦਾ ਨਾ ਮਿਲਣ ''ਤੇ ਜਾਣੋ ਪਾਕਿ ਨੇ ਕੀ ਕਿਹਾ

Tuesday, May 28, 2019 - 11:06 AM (IST)

ਮੋਦੀ ਦੀ ਤਾਜਪੋਸ਼ੀ ''ਚ ਇਮਰਾਨ ਨੂੰ ਸੱਦਾ ਨਾ ਮਿਲਣ ''ਤੇ ਜਾਣੋ ਪਾਕਿ ਨੇ ਕੀ ਕਿਹਾ

ਇਸਲਾਮਾਬਾਦ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਰਵਾਰ ਨੂੰ ਤਾਜਪੋਸ਼ੀ ਹੋਣੀ ਹੈ, ਜਿਸ 'ਚ ਕਈ ਗੁਆਂਢੀ ਦੇਸ਼ਾਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਪਾਕਿਸਤਾਨ ਦਾ ਜ਼ਿਕਰ ਨਹੀਂ ਕੀਤਾ ਗਿਆ। ਇਸ 'ਤੇ ਪਾਕਿਸਤਾਨ ਵਲੋਂ ਬਿਆਨ ਆਇਆ ਹੈ ਕਿ ਇਹ ਭਾਰਤ ਸਰਕਾਰ ਦਾ ਅੰਦਰੂਨੀ ਮਾਮਲਾ ਹੈ। ਉੱਥੋਂ ਦੀ ਅਖਬਾਰ ਡਾਨ ਦੀ ਇਕ ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੋਮਵਾਰ ਸ਼ਾਮ ਨੂੰ ਇਕ ਸਮਾਚਾਰ ਚੈਨਲ ਨੂੰ ਕਿਹਾ,'' ਨਰਿੰਦਰ ਮੋਦੀ ਦਾ ਪੂਰਾ ਧਿਆਨ ਆਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਪਾਕਿਸਤਾਨ ਨੂੰ ਕੋਸਣ 'ਤੇ ਸੀ। ਅਸੀਂ ਅਜੇ ਇਹ ਉਮੀਦ ਨਹੀਂ ਕਰਦੇ ਕਿ ਉਹ ਇੰਨੀ ਜਲਦੀ ਇਸ 'ਚੋਂ ਬਾਹਰ ਨਿਕਲਣਗੇ।''

ਭਾਰਤ ਨੇ ਪ੍ਰਧਾਨ ਮੰਤਰੀ ਮੋਦੀ ਦੇ ਵੀਰਵਾਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਸਾਰੇ ਬਿਮਸਟੇਕ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਹੈ। ਬਿਮਸਟੇਕ ਦੇਸ਼ਾਂ 'ਚ ਭਾਰਤ ਦੇ ਇਲਾਵਾ ਬੰਗਲਾਦੇਸ਼, ਭੂਟਾਨ, ਨੇਪਾਲ, ਸ਼੍ਰੀਲੰਕਾ, ਮਿਆਂਮਾਰ ਅਤੇ ਥਾਈਲੈਂਡ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਮੌਰੀਸ਼ੀਅਸ ਅਤੇ ਕਿਰਗਿਜ਼ਸਤਾਨ ਨੂੰ ਵੀ ਸੱਦਾ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਮੋਦੀ ਜੀ ਨੇ ਜਦ 2014 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਉਨ੍ਹਾਂ ਦੀ ਤਾਜਪੋਸ਼ੀ ਸਮੇਂ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਘ ਦੇਸ਼ਾਂ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ 'ਚ ਪਾਕਿਸਤਾਨ ਵੀ ਸ਼ਾਮਲ ਸੀ। ਉਸ ਸਮੇਂ ਪਾਕਿਸਤਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਇਸ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਸੀ। ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਕੇਂਦਰੀ ਰਿਜ਼ਰਵ ਪੁਲਸ ਦੇ ਕਾਫਲੇ 'ਤੇ ਹੋਏ ਆਤਮਘਾਤੀ ਹਮਲੇ 'ਚ 40 ਜਵਾਨਾਂ ਦੇ ਸ਼ਹੀਦ ਹੋਣ ਦੇ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਣ ਬਣੇ ਹੋਏ ਹਨ।


Related News