ਕੋਰੋਨਾ ਆਫ਼ਤ: ਸਕੂਲ ਬੰਦ ਹੋਣ ਨਾਲ ਭਾਰਤ ਨੂੰ ਹੋ ਸਕਦੈ ਵੱਡਾ ਨੁਕਸਾਨ

10/12/2020 6:21:39 PM

ਨਵੀਂ ਦਿੱਲੀ— ਵਿਸ਼ਵ ਬੈਂਕ ਦੀ ਇਕ ਰਿਪੋਰਟ ਮੁਤਾਬਕ ਕੋਵਿਡ-19 ਦੇ ਚੱਲਦੇ ਲੰਬੇ ਸਮੇਂ ਤੱਕ ਸਕੂਲ ਬੰਦ ਰਹਿਣ ਨਾਲ ਭਾਰਤ ਨੂੰ 40 ਅਰਬ ਡਾਲਰ ਤੋਂ ਵਧੇਰੇ ਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵਾ ਪੜ੍ਹਾਈ ਨੂੰ ਹੋਣ ਵਾਲਾ ਨੁਕਸਾਨ ਵੱਖਰਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਵਿਚ ਦੱਖਣੀ ਏਸ਼ੀਆਈ ਖੇਤਰ 'ਚ ਸਕੂਲਾਂ ਦੇ ਬੰਦ ਹੋਣ ਨਾਲ 62 ਅਰਬ 20 ਕਰੋੜ ਅਮਰੀਕੀ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਖੇਤਰ ਵਿਚ ਸਭ ਤੋਂ ਵਧੇਰੇ ਨੁਕਸਾਨ ਭਾਰਤ ਨੂੰ ਹੀ ਚੁੱਕਣਾ ਪੈ ਸਕਦਾ ਹੈ। ਸਾਰੇ ਦੇਸ਼ਾਂ ਨੂੰ ਆਪਣੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਚੰਗਾ ਖ਼ਾਸਾ ਹਿੱਸਾ ਗੁਆਉਣਾ ਪਵੇਗਾ। 

ਰਿਪੋਰਟ ਮੁਤਾਬਕ ਕਈ ਦੇਸ਼ਾਂ ਨੇ ਸਕੂਲ ਬੰਦ ਹੋਣ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕਾਫੀ ਕਦਮ ਚੁੱਕੇ ਹਨ ਪਰ ਬੱਚਿਆਂ ਨੂੰ ਡਿਜ਼ੀਟਵ ਮਾਧਿਅਮਾਂ ਤੋਂ ਪੜ੍ਹਾਈ ਕਰਾਉਣਾ ਕਾਫੀ ਮੁਸ਼ਕਲ ਕੰਮ ਹੈ। ਵਿਸ਼ਵ ਬੈਂਕ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਹਾਮਾਰੀ ਦੇ ਚੱਲਦੇ 55 ਲੱਖ ਬੱਚੇ ਪੜ੍ਹਾਈ ਛੱਡ ਸਕਦੇ ਹਨ। ਇਸ ਨਾਲ ਪੜ੍ਹਾਈ ਨੂੰ ਨੁਕਸਾਨ ਹੋਵੇਗਾ, ਜਿਸ ਦੇ ਚੱਲਦੇ ਇਕ ਪੀੜ੍ਹੀ ਦੇ ਵਿਦਿਆਰਥੀਆਂ ਦੀ ਕੁਸ਼ਲਤਾ 'ਤੇ ਜ਼ਿੰਦਗੀ ਭਰ ਪ੍ਰਭਾਵ ਪਵੇਗਾ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਦੇਸ਼ਾਂ ਵਿਚ ਸਕੂਲ ਮਾਰਚ ਮਹੀਨੇ ਤੋਂ ਬੰਦ ਕਰ ਦਿੱਤੇ ਗਏ ਸਨ ਅਤੇ ਕੁਝ ਦੇਸ਼ਾਂ 'ਚ ਹੀ ਸਕੂਲ ਖੋਲ੍ਹੇ ਜਾ ਰਹੇ ਹਨ ਜਾਂ ਫਿਰ ਖੋਲ੍ਹੇ ਜਾ ਚੁੱਕੇ ਹਨ। ਬੱਚੇ ਲੱਗਭਗ 5 ਮਹੀਨਿਆਂ ਤੋਂ ਸਕੂਲਾਂ ਤੋਂ ਦੂਰ ਹਨ। ਲੰਬੇ ਸਮੇਂ ਤੱਕ ਸਕੂਲਾਂ ਤੋਂ ਦੂਰ ਰਹਿਣ ਦਾ ਮਤਲਬ ਹੈ ਕਿ ਉਹ ਨਾ ਸਿਰਫ ਪੜ੍ਹਨਾ ਛੱਡ ਦੇਣਗੇ, ਸਗੋਂ ਕਿ ਉਹ ਉਸ ਨੂੰ ਵੀ ਭੁੱਲ ਜਾਣਗੇ, ਜੋ ਉਨ੍ਹਾਂ ਨੇ ਪੜ੍ਹਿਆ ਹੈ। 

ਦੱਸ ਦੇਈਏ ਕਿ ਦੁਨੀਆ ਭਰ 'ਚ 3.7 ਕਰੋੜ ਤੋਂ ਵੀ ਵਧੇਰੇ ਲੋਕ ਕੋਰੋਨਾ ਤੋਂ ਪੀੜਤ ਹੋ ਚੁੱੱਕੇ ਹਨ। ਇਨ੍ਹਾਂ 'ਚੋਂ 10.5 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਵਿਚ ਸੋਮਵਾਰ ਯਾਨੀ ਕਿ ਅੱਜ ਕੋਰੋਨਾ ਦੇ 71.2 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 1.09 ਲੱਖ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜ਼ਿਕਰਯੋਗ ਹੈ ਕਿ 16 ਮਾਰਚ ਨੂੰ ਦੇਸ਼ ਭਰ 'ਚ ਸਕੂਲ ਅਤੇ ਕਾਲਜ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਸੀ। 25 ਮਾਰਚ ਨੂੰ ਕੇਂਦਰ ਸਰਕਾਰ ਨੇ ਰਾਸ਼ਟਰ ਵਿਆਪੀ ਤਾਲਾਬੰਦੀ ਦਾ ਐਲਾਨ ਕੀਤਾ ਸੀ। ਹਾਲਾਂਕਿ ਤਾਲਾਬੰਦੀ ਵਿਚ ਢਿੱਲ ਦਿੱਤੀ ਗਈ ਹੈ ਪਰ ਸਿੱਖਿਅਕ ਸੰਸਥਾਵਾਂ ਅਜੇ ਵੀ ਬੰਦ ਹਨ। ਸਕੂਲਾਂ-ਕਾਲਜਾਂ ਨੂੰ ਮੁੜ ਤੋਂ ਖੋਲ੍ਹਣ 'ਤੇ ਅੰਤਿਮ ਫ਼ੈਸਲਾ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਤੇ ਛੱਡ ਦਿੱਤਾ ਗਿਆ ਹੈ।


Tanu

Content Editor

Related News