ਭਾਰਤ ''ਚ ਲਾਕਡਾਊਨ ਦੀ ਮਿਆਦ ਵਧਾਉਣ ਦੇ PM ਮੋਦੀ ਦੇ ਫੈਸਲੇ ਦੀ WHO ਨੇ ਕੀਤੀ ਸ਼ਲਾਘਾ
Tuesday, Apr 14, 2020 - 02:31 PM (IST)
ਨਵੀਂ ਦਿੱਲੀ- ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਨੇ ਮੰਗਲਵਾਰ ਨੂੰ ਭਾਰਤ 'ਚ ਲਾਕਡਾਊਨ ਦੀ ਮਿਆਦ ਵਧਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਉਨਾਂ ਨੇ ਕਿਹਾ ਕਿ ਭਾਰਤ ਦੀ ਇਹ ਪਹਿਲ ਕੋਰੋਨਾ ਨੂੰ ਹਰਾਉਣ ਲਈ ਸਮੇਂ ਸਿਰ ਚੁਕੇ ਗਏ ਸਖਤ ਕਦਮ ਦੀ ਪਛਾਣ ਹੈ। ਮੋਦੀ ਨੇ 25 ਮਾਰਚ ਨੂੰ ਲਾਗੂ ਕੀਤੇ ਗਏ ਲਾਕਡਾਊਨ ਦੀ ਮਿਆਦ 14 ਅਪ੍ਰੈਲ ਤੋਂ ਵਧਾ ਕੇ 3 ਮਈ ਤੱਕ ਕਰਨ ਦਾ ਐਲਾਨ ਕੀਤਾ ਹੈ।
ਡਬਲਿਊ.ਐੱਚ.ਓ. ਦੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ,''ਕੋਰੋਨਾ ਨੂੰ ਰੋਕਣ ਲਈ, ਸਮੇਂ ਸਿਰ ਕੀਤੇ ਗਏ ਭਾਰਤ ਦੇ ਸਖਤ ਫੈਸਲੇ ਦੀ ਡਬਲਿਊ.ਐੱਚ.ਓ. ਸ਼ਲਾਘਾ ਕਰਦਾ ਹੈ। ਇਨਫੈਕਸ਼ਨ ਨੂੰ ਰੋਕਣ ਲਈ ਮਰੀਜ਼ਾਂ ਦੀ ਗਿਣਤੀ 'ਚ ਕਿੰਨੀ ਕਮੀ ਆਏਗੀ, ਹਾਲੇ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਲੋਕਾਂ ਦਰਮਿਆਨ ਸੁਰੱਖਿਅਤ ਦੂਰੀ (ਸੋਸ਼ਲ ਡਿਸਟੈਂਸਿੰਗ) ਬਣਾਏ ਰੱਖਣ ਸਮੇਤ ਹੋਰ ਪ੍ਰਭਾਵੀ ਉਪਾਵਾਂ ਨੂੰ ਕਰਨ 'ਚ 6 ਹਫ਼ਤੇ ਦਾ ਦੇਸ਼ਵਿਆਪੀ ਲਾਕਡਾਊਨ, ਵਾਇਰਸ ਦੇ ਇਨਫੈਕਸ਼ਨ ਨੂੰ ਵਧਣ ਤੋਂ ਰੋਕਣ 'ਚ ਮਦਦ ਸਾਬਤ ਹੋਵੇਗਾ।'' ਡਾ. ਸਿੰਘ ਨੇ ਕਿਹਾ ਕਿ ਬਹੁਤ ਸਾਰੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ, ਇਸ ਮਹਾਮਾਰੀ ਨੂੰ ਹਰਾਉਣ 'ਚ ਭਾਰਤ ਪੂਰੀ ਵਚਨਬੱਧਤਾ ਨਾਲ ਅੱਗੇ ਵਧ ਰਿਹਾ ਹੈ। ਉਨਾਂ ਨੇ ਕਿਹਾ ਕਿ ਇਸ ਵਾਇਰਸ ਨੂੰ ਹਰਾਉਣ ਲਈ ਪ੍ਰੀਖਿਆ ਦੀ ਇਸ ਘੜੀ 'ਚ ਹਰੇਕ ਵਿਅਕਤੀ ਤੋਂ ਵਧ ਤੋਂ ਵਧ ਯੋਗਦਾਨ ਦੀ ਉਮੀਦ ਹੈ।