ਯੂ. ਕੇ. ਦੇ ''ਵਿਸ਼ਵ ਟੀਕਾ ਮਿਸ਼ਨ'' ਵਿਚ ਭਾਰਤ ਹੋਇਆ ਸ਼ਾਮਲ, ਕੋਰੋਨਾ ਦਾ ਇਲਾਜ ਲੱਭਣ ''ਚ ਲੱਗੀ ਦੁਨੀਆ
Friday, Jun 05, 2020 - 09:36 AM (IST)
ਲੰਡਨ- ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਘਿਰੀ ਦੁਨੀਆ ਦੇ ਦੇਸ਼ ਇਕ-ਦੂਜੇ ਦੀ ਮਦਦ ਲਈ ਤਿਆਰ ਹਨ। ਇਸ ਵਿਚਕਾਰ ਯੁਨਾਈਟਡ ਕਿੰਗਡਮ ਨੇ ਗਲੋਬਲ ਟੀਕਾ ਸੰਮੇਲਨ 2020 ਦਾ ਪ੍ਰਬੰਧ ਕੀਤਾ। ਇਸ ਮਿਸ਼ਨ ਤਹਿਤ ਟੀਕਾਕਰਣ ਅਤੇ ਗਲੋਬਲ ਟੀਕਾ ਸਪਲਾਈ ਲਈ 7.4 ਬਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਦਾ ਪ੍ਰਸਤਾਵ ਦਿੱਤਾ ਗਿਆ ਹੈ।
ਇਸ ਵਰਚੁਅਲ ਇਵੈਂਟ ਵਿਚ 50 ਤੋਂ ਵਧੇਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਵਪਾਰਕ ਲੀਡਰਾਂ, ਯੂ. ਐੱਨ. ਏਜੰਸੀ, ਸਿਵਲ ਸੋਸਾਇਟੀ, ਸਰਕਾਰ ਦੇ ਮੰਤਰੀ, ਦੇਸ਼ਾਂ ਤੇ ਸੂਬਿਆਂ ਦੇ ਮੁਖੀ ਸ਼ਾਮਲ ਸਨ।
ਸਰਕਾਰੀ ਰਲੀਜ਼ ਮੁਤਾਬਕ ਇਨ੍ਹਾਂ ਸਾਰੇ ਪ੍ਰਤੀਨਿਧੀਆਂ ਨੇ ਟੀਕਾ ਗਠਜੋੜ 'ਗਵੀ' ਨੂੰ ਸਮਰਥਨ ਦਿੱਤਾ ਅਤੇ ਅਗਲੇ ਪੰਜ ਸਾਲਾਂ ਵਿਚ 8 ਮਿਲੀਅਨ ਜ਼ਿੰਦਗੀਆਂ ਬਚਾਉਣ ਲਈ ਵਚਨਬੱਧਤਾ ਪ੍ਰਗਟਾਈ। ਰਲੀਜ਼ ਵਿਚ ਕਿਹਾ ਗਿਆ ਕਿ ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿਚ ਪੈਦਾ ਹੋਏ ਸੰਕਟ ਦੇ ਹਾਲਾਤ ਨੂੰ ਕਾਬੂ ਕਰਨ ਨਾਲ ਹੀ ਇਸ ਮਿਸ਼ਨ ਗਵੀ ਦੇ ਲਗਾਤਾਰ ਟੀਕਿਆਂ ਦਾ ਪ੍ਰੀਖਣ ਕੀਤਾ ਜਾਵੇਗਾ ਅਤੇ ਹੋਰ ਬੀਮਾਰੀਆਂ ਤੇ ਮਹਾਮਾਰੀਆਂ ਨੂੰ ਸ਼ੁਰੂ ਹੋਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਕੋਰੋਨਾ ਵਾਇਰਸ ਨੂੰ ਕਾਬੂ ਪਾਉਣ ਲਈ ਕਾਰਗਰ ਤੇ ਪ੍ਰਭਾਵੀ ਟੀਕਾ ਵਿਕਸਿਤ ਹੋ ਜਾਂਦਾ ਹੈ ਤਾਂ ਪੂਰੀ ਦੁਨੀਆ ਨੂੰ ਇਸ ਦੀ ਸਪਲਾਈ ਕਰਨ ਵਿਚ ਮਦਦ ਮਿਲੇਗੀ।