ਰਾਹੁਲ ਨੇ ਘੇਰੀ ਮੋਦੀ ਸਰਕਾਰ, ਬੋਲੇ- 'ਲਾਕਡਾਊਨ ਰਿਹਾ ਫੇਲ, ਹੁਣ ਅੱਗੇ ਦੀ ਰਣਨੀਤੀ ਕੀ ਹੈ'

05/26/2020 1:10:18 PM

ਨਵੀਂ ਦਿੱਲੀ— ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਭਾਵ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਮੋਦੀ ਸਰਕਾਰ ਨੂੰ ਘੇਰਿਆ ਹੈ। ਰਾਹੁਲ ਨੇ ਕਿਹਾ ਕਿ ਲਾਕਡਾਊਨ ਫੇਲ ਰਿਹਾ। ਭਾਰਤ ਦੁਨੀਆ 'ਚ ਇਕ ਮਾਤਰ ਅਜਿਹਾ ਦੇਸ਼ ਹੈ, ਜੋ ਲਾਕਡਾਊਨ ਉਦੋਂ ਹਟਾ ਰਿਹਾ ਹੈ, ਜਦੋਂ ਵਾਇਰਸ ਦੇ ਕੇਸ ਵੱਧ ਰਹੇ ਹਨ। ਇਹ ਪੂਰੀ ਤਰ੍ਹਾਂ ਸਾਫ ਹੈ ਕਿ ਲਾਕਡਾਊਨ ਦਾ ਮਕਸਦ ਅਤੇ ਟੀਚਾ ਭਾਰਤ 'ਚ ਫੇਲ ਹੋ ਗਿਆ ਹੈ। ਲਾਕਡਾਊਨ ਦੇ 4 ਪੜਾਵਾਂ ਨੇ ਉਹ ਨਤੀਜੇ ਨਹੀਂ ਦਿੱਤੇ, ਜਿਸ ਦੀ ਪ੍ਰਧਾਨ ਮੰਤਰੀ ਉਮੀਦ ਕਰ ਰਹੇ ਸਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਮਹੀਨੇ ਪਹਿਲਾਂ ਕਿਹਾ ਸੀ ਕਿ ਅਸੀਂ 21 ਦਿਨਾਂ ਵਿਚ ਕੋਰੋਨਾ ਵਾਇਰਸ ਨੂੰ ਹਰਾ ਦੇਵਾਂਗੇ ਪਰ ਹੁਣ ਤਾਂ 60 ਦਿਨ ਬਾਅਦ ਵੀ ਸਾਡੇ ਦੇਸ਼ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਲਾਕਡਾਊਨ ਨੂੰ ਹਟਾਇਆ ਜਾ ਰਿਹਾ ਹੈ। ਬੀਮਾਰੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਅਜਿਹੇ ਵਿਚ ਮੋਦੀ ਸਰਕਾਰ ਦੀ ਅੱਗੇ ਵੱਧਣ ਦੀ ਕੀ ਯੋਜਨਾ ਹੈ? ਇਸ 'ਤੇ ਸਥਿਤੀ ਸਾਫ ਕੀਤੀ ਜਾਵੇ। 

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੋਰੋਨਾ ਦੀ ਆਫਤ ਨਾਲ ਨਜਿੱਠਣ ਅਤੇ ਲੋੜਵੰਦਾਂ ਨੂੰ ਮਦਦ ਦੇਣ ਲਈ ਉਨ੍ਹਾਂ ਦੀ ਅੱਗੇ ਦੀ ਰਣਨੀਤੀ ਕੀ ਹੈ? ਉਨ੍ਹਾਂ ਨੇ ਆਪਣੀ ਪੁਰਾਣੀ ਮੰਗ ਦੋਹਰਾਉਂਦੇ ਹੋਏ ਇਹ ਵੀ ਕਿਹਾ ਕਿ ਗਰੀਬਾਂ ਅਤੇ ਮਜ਼ਦੂਰਾਂ ਨੂੰ 7500 ਰੁਪਏ ਦੀ ਮਦਦ ਦਿੱਤੀ ਜਾਵੇ ਅਤੇ ਸੂਬਾ ਸਰਕਾਰਾਂ ਨੂੰ ਕੇਂਦਰ ਵਲੋਂ ਪੂਰੀ ਮਦਦ ਮਿਲੇ। ਰਾਹੁਲ ਨੇ ਸਵਾਲ ਕੀਤਾ ਕਿ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤੁਹਾਡੀ ਰਣਨੀਤੀ ਕੀ ਹੈ? ਲਾਕਡਾਊਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦੀ ਕਿਵੇਂ ਮਦਦ ਕਰੋਗੇ? ਰਾਹੁਲ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਕਾਂਗਰਸ ਸ਼ਾਸਿਤ ਸੂਬਿਆਂ 'ਚ ਗਰੀਬਾਂ ਅਤੇ ਕਿਸਾਨਾਂ ਨੂੰ ਪੈਸੇ ਦੇ ਰਹੀਆਂ ਹਨ, ਖਾਣਾ ਦੇ ਰਹੀਆਂ ਹਨ। ਸਾਨੂੰ ਪਤਾ ਹੈ ਕਿ ਅੱਗੇ ਕੀ ਕਰਨਾ ਹੈ ਪਰ ਕੇਂਦਰ ਸਰਕਾਰ ਵਲੋਂ ਉੱਚਿਤ ਮਦਦ ਦੇ ਬਿਨਾਂ ਸੂਬੇ ਆਪਣੇ ਕੰਮਕਾਜ ਨਹੀਂ ਕਰ ਸਕਦੇ। ਸੂਬੇ ਕਦੋਂ ਤੱਕ ਇਕੱਲੇ ਲੜਾਈ ਲੜਣਗੇ। 

ਰੋਜ਼ਗਾਰ ਨੂੰ ਲੈ ਕੇ ਕਾਂਗਰਸ ਨੇਤਾ ਰਾਹੁਲ ਨੇ ਦੋਸ਼ ਲਾਇਆ ਕਿ ਦੇਸ਼ ਵਿਚ ਰੋਜ਼ਗਾਰ ਦੀਆਂ ਮੁਸ਼ਕਲਾਂ ਪਹਿਲਾਂ ਹੀ ਸਨ। ਬੇਰੋਜ਼ਗਾਰੀ ਦੀ ਸਮੱਸਿਆ ਕੋਰੋਨਾ ਦੀ ਵਜ੍ਹਾ ਤੋਂ ਨਹੀਂ ਆਈ ਹੈ। ਉਹ ਪਹਿਲਾਂ ਤੋਂ ਹੀ ਚੱਲੀ ਆ ਰਹੀ ਸੀ। ਲਾਕਡਾਊਨ ਤੋਂ ਇਕ ਹੋਰ ਡੂੰਘੀ ਸੱਟ ਲੱਗੀ। ਕਾਰੋਬਾਰ ਬੰਦ ਹੋ ਗਏ, ਕਈ ਸਾਰੇ ਛੋਟੇ ਉਦਯੋਗ ਬੰਦ ਹੋਣ ਜਾ ਰਹੇ ਹਨ। ਚੀਨ ਅਤੇ ਨੇਪਾਲ ਨਾਲ ਸਰਹੱਦ ਵਿਵਾਦ 'ਤੇ ਰਾਹੁਲ ਗਾਂਧੀ ਨੇ ਸਰਕਾਰ ਤੋਂ ਪਾਰਦਰਸ਼ਤਾ ਦੀ ਡਿਮਾਂਡ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਹੱਦ 'ਤੇ ਜੋ ਹੋਇਆ, ਉਸ ਬਾਰੇ ਸਰਕਾਰ ਨੂੰ ਸਾਫ-ਸਾਫ ਦੱਸਣਾ ਚਾਹੀਦਾ ਹੈ। ਰਾਹੁਲ ਨੇ ਕਿਹਾ ਕਿ ਇਕ ਵਾਰ ਸਰਕਾਰ ਪੂਰੀ ਜਾਣਕਾਰੀ ਸਾਹਮਣੇ ਰੱਖ ਦੇਵੇ, ਫਿਰ ਮੈਂ ਕੁਝ ਕਹਾਂਗਾ।


Tanu

Content Editor

Related News