ਰਿਫਾਇਨਿੰਗ ਹੱਬ ਵਜੋਂ ਵਿਕਸਿਤ ਹੋ ਰਿਹੈ ਭਾਰਤ: ਹਰਦੀਪ ਪੁਰੀ
Wednesday, Nov 13, 2024 - 12:32 PM (IST)

ਨਵੀਂ ਦਿੱਲੀ- ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ, ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਖਪਤਕਾਰ ਹੈ। ਭਾਰਤ 2040 ਤੱਕ ਜੈਵਿਕ ਈਂਧਨ 'ਤੇ ਨਿਰਭਰ ਰਹੇਗਾ ਕਿਉਂਕਿ ਇਹ ਆਪਣੇ ਆਪ ਨੂੰ ਇਕ ਰਿਫਾਈਨਿੰਗ ਹੱਬ ਵਜੋਂ ਸਥਾਪਤ ਕਰ ਰਿਹਾ ਹੈ। ਪੁਰੀ ਨੇ ਬੈਂਗਲੁਰੂ ਵਿਚ ਕਾਨਫਰੰਸ ਦੇ ਦੌਰਾਨ ਕਿਹਾ ਕਿ ਊਰਜਾ ਪਰਿਵਰਤਨ ਦੀ ਬੇਮਿਸਾਲ ਗਤੀ ਕਾਰਨ ਗਲੋਬਲ ਰਿਫਾਇਨਿੰਗ ਕੇਂਦਰ ਆਕਾਰ ਵਿਚ ਸੁੰਗੜ ਰਹੇ ਹਨ, ਜਦੋਂ ਕਿ ਭਾਰਤ ਵਿਚ ਕੱਚੇ ਤੇਲ ਦੀ ਰੋਜ਼ਾਨਾ ਵਰਤੋਂ ਦਾ ਮਤਲਬ ਹੈ ਕਿ ਇਹ ਘੱਟੋ-ਘੱਟ 2040 ਤੱਕ ਜੈਵਿਕ ਈਂਧਨ 'ਤੇ ਨਿਰਭਰ ਰਹੇਗਾ।
ਪੁਰੀ ਨੇ ਅੱਗੇ ਕਿਹਾ ਕਿ ਸਾਡੀਆਂ ਮੌਜੂਦਾ ਰਿਫਾਇਨਰੀਆਂ ਦੀ ਸਮਰੱਥਾ ਵਧੇਗੀ ਅਤੇ ਉਹ ਹੋਰ ਦੇਸ਼ਾਂ ਨੂੰ ਸਪਲਾਈ ਲਈ ਖੇਤਰੀ ਹੱਬ ਵੀ ਬਣ ਜਾਣਗੀਆਂ। ਦੁਨੀਆ ਵਿਚ ਗ੍ਰੀਨਹਾਊਸ ਗੈਸਾਂ ਦਾ ਤੀਜਾ ਸਭ ਤੋਂ ਵੱਡਾ ਨਿਕਾਸੀ ਕਰਨ ਵਾਲੇ ਭਾਰਤ ਨੇ 2070 ਤੱਕ ਸ਼ੁੱਧ ਜ਼ੀਰੋ ਕਾਰਬਨ ਨਿਕਾਸੀ ਟੀਚਾ ਪ੍ਰਾਪਤ ਕਰਨ ਦਾ ਵਾਅਦਾ ਕੀਤਾ ਹੈ। ਇਸ ਦਾ ਟੀਚਾ 2030 ਤੱਕ 500 ਗੀਗਾਵਾਟ (GW) ਨਵਿਆਉਣਯੋਗ ਊਰਜਾ ਪ੍ਰਾਪਤ ਕਰਨਾ ਹੈ।
ਪੁਰੀ ਨੇ ਦੁਹਰਾਇਆ ਕਿ ਭਾਰਤ ਆਪਣੀ ਰਿਫਾਇਨਿੰਗ ਸਮਰੱਥਾ ਨੂੰ 81 ਫੀਸਦੀ ਵਧਾ ਕੇ 450 ਮੀਟ੍ਰਿਕ ਟਨ ਪ੍ਰਤੀ ਸਾਲ (ਐਮ. ਟੀ. ਪੀ. ਏ) ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਮੌਜੂਦਾ ਸਮੇਂ ਵਿਚ ਲਗਭਗ 249 ਮੀਟ੍ਰਿਕ ਟਨ ਪ੍ਰਤੀ ਸਾਲ ਜਾਂ ਲਗਭਗ 5 ਮਿਲੀਅਨ ਬੈਰਲ ਪ੍ਰਤੀ ਦਿਨ (ਬੀ. ਪੀ. ਡੀ) ਹੈ। 310 ਐਮ. ਟੀ. ਪੀ. ਏ ਤੋਂ ਪਾਰ ਜਾਣ ਲਈ ਸਰਕਾਰੀ ਅਤੇ ਪ੍ਰਾਈਵੇਟ ਰਿਫਾਇਨਰੀਆਂ ਵਿਚਕਾਰ "ਮਜ਼ਬੂਤ ਵਿਚਾਰ-ਵਟਾਂਦਰਾ" ਚੱਲ ਰਿਹਾ ਹੈ, ਜੋ 2028 ਦੇ ਟੀਚੇ ਤੋਂ ਪਹਿਲਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪੁਰੀ ਨੇ ਕਿਹਾ ਕਿ ਛੋਟੀਆਂ ਰਿਫਾਇਨਰੀਆਂ ਹੁਣ ਆਰਥਿਕ ਤੌਰ 'ਤੇ ਵਿਵਹਾਰਕ ਨਹੀਂ ਰਹਿਣਗੀਆਂ।