ਭਾਰਤ ਦਾ ਵਪਾਰ ਘਾਟਾ ਵਧਿਆ, ਅਕਤੂਬਰ ’ਚ 41.68 ਅਰਬ ਡਾਲਰ ਹੋਇਆ ਡੈਫਿਸਿਟ
Monday, Nov 17, 2025 - 09:18 PM (IST)
ਨਵੀਂ ਦਿੱਲੀ (ਭਾਸ਼ਾ)-ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਦਾ ਵਪਾਰ ਘਾਟਾ ਅਕਤੂਬਰ ’ਚ ਵਧ ਕੇ 41.68 ਅਰਬ ਡਾਲਰ ਹੋ ਗਿਆ, ਜਦੋਂ ਕਿ ਸਤੰਬਰ ’ਚ ਇਹ 32.15 ਅਰਬ ਡਾਲਰ ਸੀ। ਇਕ ਸਰਵੇਖਣ ਅਨੁਸਾਰ ਅਰਥਸ਼ਾਸਤਰੀਆਂ ਨੇ ਅਕਤੂਬਰ ’ਚ ਵਪਾਰ ਘਾਟਾ 28.8 ਅਰਬ ਡਾਲਰ ਰਹਿਣ ਦਾ ਅੰਦਾਜ਼ਾ ਲਾਇਆ ਸੀ, ਜਦੋਂ ਕਿ ਪਿਛਲੇ ਮਹੀਨੇ ਇਹ 32.15 ਅਰਬ ਡਾਲਰ ਸੀ।
ਅਕਤੂਬਰ ਮਹੀਨੇ ’ਚ ਭਾਰਤ ਦੀ ਬਰਾਮਦ 11.8 ਫ਼ੀਸਦੀ ਘਟ ਕੇ 34.38 ਅਰਬ ਡਾਲਰ ਰਹਿ ਗਈ, ਜਦੋਂ ਕਿ ਦਰਾਮਦ 16.63 ਫ਼ੀਸਦੀ ਵਧ ਕੇ 76.06 ਅਰਬ ਡਾਲਰ ਹੋ ਗਈ। ਘਾਟੇ ’ਤੇ ਗੱਲ ਕਰਦੇ ਹੋਏ ਵਣਜ ਸਕੱਤਰ ਨੇ ਕਿਹਾ ਕਿ ਅਕਤੂਬਰ ’ਚ ਭਾਰਤ ਦੀ ਸੋਨੇ ਦੀ ਦਰਾਮਦ ਵਧ ਕੇ 14.72 ਅਰਬ ਡਾਲਰ ਹੋ ਗਈ, ਜਦੋਂ ਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ ਇਹ 4.92 ਅਰਬ ਡਾਲਰ ਸੀ।
ਭਾਰਤ-ਅਮਰੀਕਾ ਵਪਾਰਕ ਸਬੰਧ
ਭਾਰਤ ਅਤੇ ਅਮਰੀਕਾ ਵਿਚਾਲੇ 2 ਦੇਸ਼ਾਂ ਦੇ ਵਪਾਰ ਸਮਝੌਤੇ ਲਈ ਗੱਲਬਾਤ ਅੱਗੇ ਵਧਣ ਦਰਮਿਆਨ ਅਮਰੀਕਾ ਨੂੰ ਬਰਾਮਦ ਅਕਤੂਬਰ ’ਚ ਘਟ ਕੇ 6.3 ਬਿਲੀਅਨ ਡਾਲਰ ਰਹਿ ਗਈ, ਜੋ ਪਿਛਲੇ ਸਾਲ ਇਸ ਮਹੀਨੇ ’ਚ 6.9 ਬਿਲੀਅਨ ਡਾਲਰ ਸੀ। ਇਹ ਸਥਿਤੀ ਅਜਿਹੇ ਸਮੇਂ ’ਚ ਆਈ ਹੈ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਖਰੀਦਣ ’ਤੇ ਭਾਰਤ ਨੂੰ ਨਿਸ਼ਾਨਾ ਬਣਾਉਂਦੇ ਹੋਏ 50 ਫ਼ੀਸਦੀ ਦਾ ਬਹੁਤ ਭਾਰੀ ਟੈਕਸ (ਟੈਰਿਫ) ਲਾ ਦਿੱਤਾ ਸੀ। ਇਸ ਟੈਕਸ ਨਾਲ ਭਾਰਤੀ ਸਾਮਾਨ ਵੀਅਤਨਾਮ ਅਤੇ ਬੰਗਲਾਦੇਸ਼ ਵਰਗੇ ਏਸ਼ੀਆਈ ਦੇਸ਼ਾਂ ਦੇ ਮੁਕਾਬਲੇ ਮਹਿੰਗਾ ਅਤੇ ਘੱਟ ਮੁਕਾਬਲੇਬਾਜ਼ ਹੋ ਗਿਆ ਹੈ।
ਟੈਰਿਫ ਤੋਂ ਬਾਅਦ ਭਾਰਤ ਨੇ ਆਪਣੇ ਬਰਾਮਦਕਾਰਾਂ ਲਈ 5 ਅਰਬ ਡਾਲਰ ਤੋਂ ਵੱਧ ਦੀ ਰਾਹਤ ਦਾ ਐਲਾਨ ਕੀਤਾ। ਸਰਕਾਰ ਨੇ ਕਿਹਾ ਕਿ ਇਸ ਕਦਮ ਨਾਲ ਪੈਸੇ ਦਾ ਪ੍ਰਵਾਹ ਵਧੇਗਾ, ਕਾਰੋਬਾਰ ਆਸਾਨੀ ਨਾਲ ਚੱਲ ਪਾਵੇਗਾ ਅਤੇ 1 ਟ੍ਰਿਲੀਅਨ ਡਾਲਰ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ’ਚ ਦੇਸ਼ ਨੂੰ ਮਦਦ ਮਿਲੇਗੀ। ਇਨ੍ਹਾਂ ਭਾਰੀ ਟੈਕਸਾਂ ਦਾ ਸਭ ਤੋਂ ਵੱਧ ਅਸਰ ਕੱਪੜਾ, ਚਮਡ਼ਾ, ਜੁੱਤੇ-ਚੱਪਲਾਂ ਅਤੇ ਗਹਿਣੇ ਵਰਗੇ ਮਜ਼ਦੂਰ-ਆਧਾਰਤ ਉਦਯੋਗਾਂ ’ਤੇ ਪਿਆ ਹੈ।
ਚਾਲੂ ਮਾਲੀ ਸਾਲ
ਅਪ੍ਰੈਲ-ਅਕਤੂਬਰ 2025 ਦੀ ਮਿਆਦ ’ਚ ਭਾਰਤ ਦੀ ਕੁੱਲ ਬਰਾਮਦ 0.63 ਫ਼ੀਸਦੀ ਵਧ ਕੇ 254.25 ਅਰਬ ਡਾਲਰ ਹੋ ਗਈ ਹੈ। ਹਾਲਾਂਕਿ, ਇਸ ਮਿਆਦ ’ਚ ਦਰਾਮਦ 6.37 ਫ਼ੀਸਦੀ ਉੱਛਲ ਕੇ 451.08 ਅਰਬ ਡਾਲਰ ’ਤੇ ਪਹੁੰਚ ਗਈ ਹੈ, ਜਿਸ ਨਾਲ ਕੁੱਲ ਵਪਾਰ ਘਾਟਾ ਹੋਰ ਵਧ ਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਗਲੋਬਲ ਮੰਗ ’ਚ ਸੁਧਾਰ, ਸਪਲਾਈ ਚੇਨ ਦੀ ਸਥਿਰਤਾ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਰਾਹਤ ਆਉਣ ’ਤੇ ਹੀ ਭਾਰਤ ਦਾ ਵਪਾਰ ਸੰਤੁਲਨ ਸਥਿਰ ਹੋ ਸਕਦਾ ਹੈ। ਤਿਉਹਾਰੀ ਸੀਜ਼ਨ ’ਚ ਸੋਨੇ ਦੀ ਭਾਰੀ ਮੰਗ ਨੇ ਦਰਾਮਦ ਨੂੰ ਅਸਥਾਈ ਤੌਰ ’ਤੇ ਵਧਾਇਆ ਹੈ ਪਰ ਜੇਕਰ ਇਹ ਰੁਝਾਨ ਜਾਰੀ ਰਿਹਾ, ਤਾਂ ਚਾਲੂ ਖਾਤੇ ’ਤੇ ਦਬਾਅ ਬਣਿਆ ਰਹਿ ਸਕਦਾ ਹੈ।
