ਭਾਰਤ ਸ਼ਾਂਤੀ ਦਾ 'ਪੁਜਾਰੀ' ਹੈ ਪਰ ਕਿਸੇ ਵੀ ਹਮਲੇ ਦਾ ਜਵਾਬ ਦੇਣ 'ਚ ਸਮਰੱਥ ਹੈ : ਰਾਜਨਾਥ ਸਿੰਘ
Thursday, Jun 17, 2021 - 04:12 PM (IST)
ਕਿਮੀਨ (ਅਰੁਣਾਚਲ ਪ੍ਰਦੇਸ਼)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਗਲੋਬਲ ਸ਼ਾਂਤੀ ਦਾ 'ਪੁਜਾਰੀ' ਹੈ ਪਰ ਇਹ ਹਮਲਾਵਰ ਕਾਰਵਾਈਆਂ ਦਾ ਕਰਾਰ ਜਵਾਬ ਦੇਣ 'ਚ ਸਮਰੱਥ ਹੈ। ਉਨ੍ਹਾਂ ਨੇ ਇੱਥੇ 12 ਸਾਮਰਿਕ ਸੜਕਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਸਰਹੱਦੀ ਖੇਤਰਾਂ 'ਚ ਸ਼ਾਂਤੀ ਅਤੇ ਸਬਰ 'ਚ ਕਿਸੇ ਵੀ ਤਰ੍ਹਾਂ ਦੀ ਗੰਭੀਰ ਗੜਬੜੀ ਦੇ ਖ਼ਤਰਨਾਕ ਨਤੀਜੇ ਹੋਣਗੇ।
ਰਾਜਨਾਥ ਨੇ ਕਿਹਾ ਕਿ ਸਾਮਰਿਕ ਸੜਕਾਂ ਨਾਲ ਨਾ ਸਿਰਫ਼ ਸੰਪਰਕ 'ਚ ਉਤਸ਼ਾਹ ਮਿਲੇਗਾ ਸਗੋਂ ਕੌਮਾਂਤਰੀ ਸਰਹੱਦਾਂ ਕੋਲ ਸੁਰੱਖਿਆ ਫ਼ੋਰਸ ਤੇਜ਼ੀ ਨਾਲ ਆਵਾਜਾਈ ਕਰ ਸਕਣਗੇ। ਰੱਖਿਆ ਮੰਤਰੀ ਨੇ ਕਿਹਾ,''ਪਹਾੜੀ ਅਤੇ ਤੰਗ ਇਲਾਕਿਆਂ 'ਚ ਚੁਣੌਤੀਆਂ ਦੇ ਬਾਵਜੂਦ ਵਿਸ਼ਵ ਪੱਧਰੀ ਸੜਕਾਂ ਦੇ ਨਿਰਮਾਣ 'ਚ ਸਰਹੱਦ ਸੜਕ ਸੰਗਠਨ ਦੀ ਸਮਰੱਥਾ 'ਆਤਮਨਿਰਭਰ ਭਾਰਤ' ਦੇ ਮੰਤਰ ਨੂੰ ਦਰਸਾਉਂਦਾ ਹੈ।'' ਰਾਜਨਾਥ ਨੇ ਕਿਹਾ,''ਪਿਛਲੇ ਸਾਲ ਗਲਵਾਨ ਘਾਟੀ 'ਚ ਸਾਡੇ ਫ਼ੌਜੀਆਂ ਨੇ ਅਦਭੁੱਤ ਸਾਹਸ ਦਿਖਾਇਆ। ਦੇਸ਼ ਲਈ ਲੜਦੇ ਹੋਏ ਸ਼ਹੀਦ ਹੋਣ ਵਾਲੇ ਫ਼ੌਜੀਆਂ ਨੂੰ ਮੈਂ ਸਲਾਮ ਕਰਦਾ ਹਾਂ।'' ਚੀਨ ਵੀ ਅਰੁਣਾਚਲ ਪ੍ਰਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਤੇ ਆਪਣਾ ਦਾਅਵਾ ਕਰਦਾ ਹੈ ਅਤੇ ਆਪਣੇ ਨਕਸ਼ੇ 'ਚ ਇਸ ਨੂੰ 'ਦੱਖਣ ਤਿੱਬਤ' ਦੱਸਦਾ ਹੈ। ਪਿਛਲੇ ਸਾਲ ਸਤੰਬਰ 'ਚ ਅਰੁਣਾਚਲ ਦੇ 5 ਨੌਜਵਾਨਾਂ ਨੂੰ ਚੀਨ ਦੇ ਫ਼ੌਜੀਆਂ ਨੇ ਸੇਰਾ-7 ਇਲਾਕੇ 'ਚ ਅਗਵਾ ਕਰ ਲਿਆ। ਕਈ ਦਿਨਾਂ ਤੱਕ ਉਨ੍ਹਾਂ ਨੂੰ ਹਿਰਾਸਤ 'ਚ ਰੱਖਣ ਤੋਂ ਬਾਅਦ ਸੂਬੇ ਦੀ ਰਾਜਧਾਨੀ ਤੋਂ ਕਰੀਬ 800 ਕਿਲੋਮੀਟਰ ਦੂਰ ਅੰਜਾਵ ਜ਼ਿਲ੍ਹੇ 'ਚ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ।
ਰੱਖਿਆ ਮੰਤਰੀ ਨੇ ਕਿਹਾ,''2013 ਤੋਂ ਬਾਅਦ ਬੀ.ਆਰ.ਓ. ਲਈ ਬਜਟ 'ਚ ਕਈ ਗੁਣਾ ਵਾਧਾ ਹੋਇਆ ਹੈ ਅਤੇ ਮੌਜੂਦਾ ਸਮੇਂ ਇਹ 11 ਹਜ਼ਾਰ ਕਰੋੜ ਰੁਪਏ ਹੈ। 2014 ਤੋਂ ਬਾਅਦ ਬੀ.ਆਰ.ਓ. ਨੇ ਦੇਸ਼ 'ਚ ਰਿਕਾਰਡ 4800 ਕਿਲੋਮੀਟਰ ਸਰਹੱਦ ਸੜਕਾਂ ਦਾ ਵਿਕਾਸ ਕੀਤਾ ਹੈ।'' ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਦੇਸ਼ ਦੇ ਰੱਖਿਆ ਖੇਤਰ 'ਚ ਕਾਫ਼ੀ ਤਬਦੀਲੀ ਆਈ ਹੈ, ਜਿਨ੍ਹਾਂ 'ਚ ਪਹਿਲੀ ਵਾਰ ਮੁਖੀ ਰੱਖਿਆ ਪ੍ਰਧਾਨ ਦੀ ਨਿਯੁਕਤੀ ਵੀ ਸ਼ਾਮਲ ਹੈ। ਉਨ੍ਹਾਂ ਕਿਹਾ,''ਸਾਡਾ ਵਿਜਨ ਆਪਣੇ ਹਥਿਆਰਾਂ ਦਾ ਨਿਰਮਾਣ ਕਰਨਾ ਅਤੇ ਜ਼ਰੂਰਤ ਪੈਣ 'ਤੇ ਦੂਜੇ ਦੇਸ਼ਾਂ ਨੂੰ ਉਨ੍ਹਾਂ ਦਾ ਨਿਰਯਾਤ ਕਰਨਾ ਹੈ।'' ਰੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਦੇ ਸਮੇਂ ਪੂਰਬ-ਉੱਤਰ ਭਾਰਤ 'ਚ ਵਿਕਾਸ ਕੰਮਾਂ 'ਚ ਤੇਜ਼ੀ ਆਈ ਹੈ।