ਭਾਰਤ ਵਰਗਾ ਸਹਿਣਸ਼ੀਲ ਕੋਈ ਦੂਜਾ ਮੁਲਕ ਨਹੀਂ : ਰਾਜਨਾਥ

Sunday, Dec 23, 2018 - 05:11 PM (IST)

ਭਾਰਤ ਵਰਗਾ ਸਹਿਣਸ਼ੀਲ ਕੋਈ ਦੂਜਾ ਮੁਲਕ ਨਹੀਂ : ਰਾਜਨਾਥ

ਲਖਨਊ (ਭਾਸ਼ਾ)— ਦੇਸ਼ ਵਿਚ ਅਸਹਿਣਸ਼ੀਲਤਾ ਨੂੰ ਲੈ ਕੇ ਫਿਲਮ ਅਭਿਨੇਤਾ ਨਸੀਰੂਦੀਨ ਸ਼ਾਹ ਦੇ ਬਿਆਨ ਬਾਰੇ ਜਾਰੀ ਬਹਿਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਐਤਵਾਰ ਨੂੰ ਬਿਆਨ ਦਿੱਤਾ। ਰਾਜਨਾਥ ਨੇ ਕਿਹਾ ਕਿ ਹਿੰਦੋਸਤਾਨ ਜਿੰਨੀ ਸਹਿਣਸ਼ੀਲਤਾ ਦੁਨੀਆ ਦੇ ਕਿਸੇ ਦੂਜੇ ਮੁਲਕ ਵਿਚ ਨਹੀਂ ਹੈ। ਰਾਜਨਾਥ ਸਿੰਘ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹ ਦੇਬਿਆਨ ਬਾਰੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਭਾਰਤ ਵਿਚ ਜਿੰਨੀ ਸਹਿਣਸ਼ੀਲਤਾ ਹੈ, ਮੈਂ ਸਮਝਦਾ ਹਾਂ ਕਿ ਦੁਨੀਆ ਵਿਚ ਲੱਭਣ ਨਾਲ ਵੀ ਨਹੀਂ ਮਿਲੇਗੀ। ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ, ਜਿੱਥੇ ਦੁਨੀਆ ਦੇ ਸਾਰੇ ਧਰਮ ਹਨ ਯਾਨੀ ਕਿ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਜੇਕਰ ਕਿਤੇ ਮਿਲਜੁਲ ਕੇ ਰਹਿ ਰਹੇ ਹਨ, ਤਾਂ ਉਹ ਭਾਰਤ ਹੀ ਹੈ।''

ਭਾਰਤ ਵਿਚ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਜਿੰਨੇ ਵੀ ਲੋਕ ਹਨ, ਉਹ ਭਾਰਤ ਨੂੰ ਇਕ ਮਜ਼ਬੂਤ, ਤਰੱਕੀ ਵਾਲਾ ਬਣਾਉਣ 'ਚ ਯੋਗਦਾਨ ਕਰ ਰਹੇ ਹਨ ਅਤੇ ਅੱਗੇ ਵੀ ਕਰਨਗੇ। ਜ਼ਿਕਰਯੋਗ ਹੈ ਕਿ ਮਸ਼ਹੂਰ ਅਭਿਨੇਤਾ ਨਸੀਰੂਦੀਨ ਸ਼ਾਹ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਵਿਚ ਗਊ ਦੀ ਜਾਨ ਦੀ ਕੀਮਤ ਆਦਮੀ ਦੀ ਜਾਨ ਤੋਂ ਵਧ ਹੋ ਗਈ ਹੈ। ਦੇਸ਼ ਵਿਚ ਅਜਿਹਾ ਮਾਹੌਲ ਬਣ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੁੰਦੀ ਹੈ ਕਿ ਕਿਤੇ ਕੋਈ ਭੀੜ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਦਾ ਮਜ਼ਹਬ ਨਾ ਪੁੱਛਣ ਲੱਗੇ।


Related News