ਦੇਸ਼ ''ਚ ''ਕੋਰੋਨਾ'' ਦਾ ਟੁੱਟਿਆ ਕਹਿਰ, ਇਕ ਦਿਨ ''ਚ 613 ਲੋਕਾਂ ਦੀ ਮੌਤ

7/5/2020 11:17:58 AM

ਨਵੀਂ ਦਿੱਲੀ (ਵਾਰਤਾ)— ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 24,850 ਨਵੇਂ ਮਾਮਲੇ ਸਾਹਮਣੇ ਆਏ ਹਨ। ਭਾਰਤ ਵਾਇਰਸ ਤੋਂ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ ਤੀਜੇ ਨੰਬਰ 'ਤੇ ਮੌਜੂਦ ਰੂਸ ਦੇ ਬੇਹੱਦ ਕਰੀਬ ਪਹੁੰਚ ਗਿਆ ਹੈ। ਰੂਸ 'ਚ ਹੁਣ ਤੱਕ 6,73, 564 ਮਾਮਲੇ ਸਾਹਮਣੇ ਆਏ ਹਨ। 

PunjabKesari

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 24,850 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 6,73,165 ਹੋ ਗਈ ਹੈ। ਭਾਰਤ 'ਚ ਇਕ ਦਿਨ 'ਚ ਰਿਕਾਰਡ 613 ਲੋਕਾਂ ਦੀ ਮੌਤ ਹੋਈ ਹੈ, ਜਿਸ ਕਾਰਨ ਮ੍ਰਿਤਕਾਂ ਦਾ ਅੰਕੜਾ 19,268 ਤੱਕ ਪੁੱਜ ਗਿਆ। ਇਸ ਦਰਮਿਆਨ ਵਾਇਰਸ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 14,856 ਰੋਗੀ ਸਿਹਤਮੰਦ ਹੋਏ ਹਨ, ਜਿਨ੍ਹਾਂ ਨੂੰ ਮਿਲਾ ਕੇ 4,09,083 ਲੋਕ ਰੋਗ ਮੁਕਤ ਹੋ ਚੁੱਕੇ ਹਨ। ਦੇਸ਼ ਵਿਚ ਅਜੇ ਕੋਰੋਨਾ ਵਾਇਰਸ ਦੇ 2,44,814 ਸਰਗਰਮ ਮਾਮਲੇ ਹਨ। 

PunjabKesari

ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵਧੇਰੇ ਪ੍ਰਭਾਵਿਤ ਮਹਾਰਾਸ਼ਟਰ 'ਚ ਪੀੜਤਾਂ ਦੀ ਗਿਣਤੀ 2 ਲੱਖ ਤੋਂ ਵਧੇਰੇ ਹੋ ਗਈ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੇ ਅੰਦਰ 7,074 ਮਾਮਲੇ ਦਰਜ ਕੀਤੇ ਗਏ, ਜਿਸ ਨਾਲ ਪੀੜਤਾਂ ਦਾ ਅੰਕੜਾ 2,00,064 'ਤੇ ਪਹੁੰਚ ਗਿਆ ਹੈ। ਇਕ ਦਿਨ ਵਿਚ 295 ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ 8,671 ਹੋ ਗਈ ਹੈ। ਸੂਬੇ ਵਿਚ 1,08,082 ਲੋਕ ਵਾਇਰਸ ਤੋਂ ਮੁਕਤ ਹੋਏ ਹਨ। ਵਾਇਰਸ ਦੇ ਮਾਮਲੇ ਵਿਚ ਦੂਜੇ ਨੰਬਰ 'ਤੇ ਪੁੱਜੇ ਤਾਮਿਲਨਾਡੂ ਵਿਚ ਪੀੜਤਾਂ ਦੀ ਗਿਣਤੀ ਇਕ ਲੱਖ ਪਾਰ ਹੋ ਗਈ ਹੈ ਅਤੇ ਪੀੜਤਾਂ ਦੀ ਗਿਣਤੀ 1,07,001 'ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਹੋਰ ਸੂਬਿਆਂ 'ਚ ਕੋਰੋਨਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।


Tanu

Content Editor Tanu