WHO ਨੇ ਭਾਰਤ ਨੂੰ ਲੈ ਕੇ ਆਖੀ ਇਹ ਵੱਡੀ ਗੱਲ, ਕੋਰੋਨਾ ਨੂੰ ਰੋਕਣਾ ਹੁਣ ਤੁਹਾਡੇ ਹੱਥ

Tuesday, Mar 24, 2020 - 01:22 PM (IST)

ਵਾਸ਼ਿੰਗਟਨ : ਕੋਰੋਨਾ ਵਾਇਰਸ ਨੂੰ ਰੋਕਣ ਲਈ ਭਾਰਤ ਵਿਚ ਕਈ ਸੂਬਿਆਂ ਨੇ ਕਰਫਿਊ ਤਕ ਲਗਾ ਦਿੱਤਾ ਹੈ। ਇਸ ਵਿਚਕਾਰ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਨੇ ਭਾਰਤ ਨੂੰ ਲੈ ਕੇ ਵੱਡੀ ਗੱਲ ਆਖੀ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਜੇ. ਰਿਆਨ ਨੇ ਕਿਹਾ ਕਿ ਭਾਰਤ ਕੋਲ ਬਹੁਤ ਜਿਆਦਾ ਸਮਰੱਥਾ ਹੈ ਅਤੇ ਇਸ ਤੋਂ ਪਹਿਲਾਂ ਉਹ ਦੋ ਸਾਈਲੈਂਟ ਕਿਲਰ- ਸਮਾਲ ਪੋਕਸ ਅਤੇ ਪੋਲੀਓ ਦਾ ਖਾਤਮਾ ਕਰਨ ਵਿਚ ਵਿਸ਼ਵ ਦੀ ਅਗਵਾਈ ਕਰ ਚੁੱਕਾ ਹੈ।

 

ਉਨ੍ਹਾਂ ਕਿਹਾ ਕਿ ਚੀਨ ਦੀ ਤਰ੍ਹਾਂ ਭਾਰਤ ਵੀ ਬਹੁਤ ਜ਼ਿਆਦਾ ਆਬਾਦੀ ਵਾਲਾ ਦੇਸ਼ ਹੈ ਅਤੇ ਕੋਰੋਨਾ ਵਾਇਰਸ ਦਾ ਭਵਿੱਖ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਭਾਰਤ ਵਰਗੇ ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿਚ ਕੀ ਕਦਮ ਚੁੱਕੇ ਜਾ ਰਹੇ ਹਨ। ਡਬਲਿਊ. ਐੱਚ. ਓ. ਦੇ ਕਾਰਜਕਾਰੀ ਨਿਰਦੇਸ਼ਕ ਡਾ. ਮਾਈਕਲ ਨੇ ਭਾਰਤ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਖਿਲਾਫ ਭਾਰਤ ਬਹੁਤ ਗੰਭੀਰਤਾ ਨਾਲ ਲੜਾਈ ਲੜ ਰਿਹਾ ਹੈ। ਇਹ ਬਹੁਤ ਮਹੱਤਵਪੂਰਨ ਹੈ ਕਿ ਭਾਰਤ ਜਨਤਕ ਸਿਹਤ ਦੇ ਪੱਧਰ 'ਤੇ ਇਸੇ ਤਰ੍ਹਾਂ ਗੰਭੀਰਤਾ ਨਾਲ ਲੜਾਈ ਜਾਰੀ ਰੱਖੇ।

ਸਿਰਫ 4 ਦਿਨ ‘ਚ 1 ਲੱਖ ਨਵੇਂ ਮਾਮਲੇ
ਡਬਲਿਊ. ਐੱਚ. ਓ. ਨੇ ਭਾਰਤ ਦੇ ਕਦਮਾਂ ਦੀ ਸ਼ਲਾਘਾ ਕੀਤੀ ਹੈ, ਹੁਣ ਇਹ ਤੁਹਾਡੇ ਹੱਥ ਹੈ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਤੁਸੀਂ ਸਰਕਾਰ ਵਲੋਂ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੈ ਜਾਂ ਨਹੀਂ। ਜੇਕਰ ਤੁਹਾਨੂੰ ਜਾਂ ਕਿਸੇ ਪਰਿਵਾਰਕ ਮੈਂਬਰ ਵਿਚ ਇਸ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਘਬਰਾਓ ਨਹੀਂ ਸਰਕਾਰ ਤੁਹਾਡੀ ਪੂਰੀ ਸਹਾਇਤਾ ਕਰ ਰਹੀ ਹੈ।
ਉੱਥੇ ਹੀ, ਵਿਸ਼ਵ ਸਿਹਤ ਸੰਗਠਨ ਨੇ ਰਾਸ਼ਟਰਾਂ ਨੂੰ ਚਿਤਾਵਨੀ ਦਿੰਦਿਆਂ ਇਹ ਵੀ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਸਪੱਸ਼ਟ ਤੌਰ 'ਤੇ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲੇ ਮਾਮਲੇ ਤੋਂ 100,000 ਤਕ ਪੁੱਜਣ ਵਿਚ 67 ਦਿਨ ਲੱਗੇ। ਦੂਜੇ ਨਵੇਂ 1 ਲੱਖ ਮਾਮਲੇ ਸਾਹਮਣੇ ਆਉਣ ਵਿਚ ਸਿਰਫ 11 ਦਿਨ ਲੱਗੇ ਅਤੇ ਤੀਜੇ 1 ਲੱਖ ਮਾਮਲੇ ਸਿਰਫ 4 ਦਿਨਾਂ ਵਿਚ ਹੀ ਸਾਹਮਣੇ ਆਏ ਹਨ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਨੂੰ ਰੋਕਣਾ ਹੁਣ ਵੀ ਸੰਭਵ ਹੈ। ਸਾਨੂੰ ਸਭ ਨੂੰ ਸਮਝਦਾਰੀ ਤੇ ਜ਼ਿੰਮੇਵਾਰੀ ਨਾਲ ਚੱਲਣਾ ਹੋਵੇਗਾ।
 


Lalita Mam

Content Editor

Related News