ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਪਰਮਿਟ ਅਤੇ ਫੀਸ ਸਬੰਧੀ ਪਾਕਿ ਦੇ ਪ੍ਰਸਤਾਵ ਤੋਂ ਭਾਰਤ ਨਿਰਾਸ਼
Sunday, Mar 17, 2019 - 02:32 AM (IST)

ਨਵੀਂ ਦਿੱਲੀ, (ਯੂ. ਐੱਨ. ਆਈ.)– ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਗਟ ਉਤਸਵ ਦੇ ਮੌਕੇ ਪਾਕਿਸਤਾਨ ਵਿਚ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਲਈ ਖੋਲ੍ਹੇ ਜਾਣ ਵਾਲੇ ਲਾਂਘੇ ਨੂੰ ਲੈ ਕੇ ਸ਼ਰਧਾਲੂਆਂ ਨੂੰ ਪਰਮਿਟ ਜਾਰੀ ਕਰਨ ਅਤੇ ਫੀਸ ਲਾਏ ਜਾਣ ਦੇ ਪਾਕਿਸਤਾਨ ਦੇ ਪ੍ਰਸਤਾਵ 'ਤੇ ਭਾਰਤ ਨੇ ਨਿਰਾਸ਼ਾ ਪ੍ਰਗਟ ਕੀਤੀ ਹੈ।
ਸੂਤਰਾਂ ਨੇ ਸ਼ਨੀਵਾਰ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਟੀ. ਵੀ. 'ਤੇ ਸ੍ਰੀ ਕਰਤਾਰਪੁਰ ਸਾਹਿਬ ਸਬੰਧੀ ਸਿੱਖ ਭਾਈਚਾਰੇ ਨੂੰ ਉਦਾਰਤਾ ਦੇ ਜੋ ਸੰਕੇਤ ਦਿੱਤੇ ਸਨ, ਗੱਲਬਾਤ ਦੌਰਾਨ ਭਾਰਤ ਨੂੰ ਪਤਾ ਲੱਗਾ ਕਿ ਪਾਕਿ ਸਰਕਾਰ ਬੇਹੱਦ ਸੌੜੀ ਸੋਚ ਅਪਣਾਅ ਰਹੀ ਹੈ। ਭਾਰਤ ਨੂੰ ਇਸ ਗੱਲ ਦੀ ਨਿਰਾਸ਼ਾ ਹੈ ਕਿ ਸ਼ਰਧਾਲੂਆਂ ਲਈ ਪਰਮਿਟ ਬਣਾਉਣ ਅਤੇ ਨਾਲ ਹੀ ਫੀਸ ਲਾਉਣ ਦੀ ਵੀ ਗੱਲ ਕੀਤੀ ਜਾ ਰਹੀ ਹੈ। ਇਮਰਾਨ ਖਾਨ ਵਲੋਂ ਵਿਖਾਈ ਉਦਾਰਤਾ ਅਤੇ ਬੈਠਕ ਦੌਰਾਨ ਹੋਈ ਗੱਲਬਾਤ ਆਪਸ 'ਚ ਮੇਲ ਨਹੀਂ ਖਾਂਦੇ। ਭਾਰਤ ਲਾਂਘੇ ਲਈ ਸਪੱਸ਼ਟ ਨੀਤੀ ਅਪਣਾਅ ਰਿਹਾ ਹੈ ਪਰ ਪਾਕਿਸਤਾਨ ਸ਼ੱਕ ਨਾਲ ਘਿਰਿਆ ਹੋਇਆ ਹੈ।