ਅਧਿਐਨ ਦਾ ਦਾਅਵਾ, ਦੇਸ਼ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ

Friday, Feb 18, 2022 - 02:54 PM (IST)

ਅਧਿਐਨ ਦਾ ਦਾਅਵਾ, ਦੇਸ਼ ''ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ 8 ਗੁਣਾ ਵਧ

ਨਵੀਂ ਦਿੱਲੀ (ਭਾਸ਼ਾ)–ਭਾਰਤ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਦੀ ਤੁਲਨਾ ’ਚ 6 ਤੋਂ 8 ਗੁਣਾ ਵੱਧ ਹੈ। ਬੁੱਧਵਾਰ ਨੂੰ ਜਾਰੀ ਕੀਤੇ ਗਏ ਖੋਜ ਅਧਿਐਨ ਵਿਚ ਇਹ ਗੱਲ ਕਹੀ ਗਈ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਮੌਤਾਂ ਦੇ ਅੰਕੜਿਆਂ ਦੀ ਗਿਣਤੀ ਘੱਟ ਗਿਣ ਕੇ ਕੋਰੋਨਾ ਦੀ ਦੂਜੀ ਲਹਿਰ ਦੇ ਭਿਆਨਕ ਅਸਰ ਨੂੰ ਘੱਟ ਕਰ ਕੇ ਪੇਸ਼ ਕੀਤਾ ਗਿਆ। ਕੋਲਕਾਤਾ ਤੋਂ ਨਿਕਲਣ ਵਾਲੀ ਅੰਗਰੇਜ਼ੀ ਅਖ਼ਬਾਰ ‘ਦਿ ਟੈਲੀਗ੍ਰਾਫ’ ਵਿਚ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਹੈ। ਅਧਿਐਨ ਮੁਤਾਬਕ ਨਵੰਬਰ 2021 ਦੀ ਸ਼ੁਰੁਆਤ ਤਕ 30.2 ਲੱਖ ਤੋਂ 30.7 ਲੱਖ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਸੀ, ਜਦੋਂਕਿ ਸਰਕਾਰੀ ਅੰਕੜਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਭਗ 4 ਲੱਖ 60 ਹਜ਼ਾਰ ਸੀ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ 25 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ, ਹੁਣ ਤੱਕ ਇੰਨੇ ਲੋਕਾਂ ਨੇ ਗੁਆਈ ਜਾਨ

ਇਕ ਫਰਾਂਸੀਸੀ ਵਿੱਦਿਅਕ ਸੰਸਥਾਨ ਦੇ ਡੈਮੋਗ੍ਰਾਫਰ ਕ੍ਰਿਸਟੋਫ ਗੁਇਲਮੋਟੋ ਦੇ ਅਨੁਮਾਨ ਮੁਤਾਬਕ ਜੁਲਾਈ 2021 ਤਕ 30.2 ਲੱਖ ਲੋਕਾਂ ਦੀ ਕੋਵਿਡ ਨਾਲ ਮੌਤ ਹੋਈ। ਇਹ ਗਿਣਤੀ ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ’ਚ ਐਪਿਡੈਮਿਓਲਾਜਿਸਟ ਪ੍ਰਭਾਤ ਝਾਅ ਦੀ ਅਗਵਾਈ ’ਚ ਇਕ ਟੀਮ ਵੱਲੋਂ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਈ ਅਨੁਮਾਨਤ ਗਿਣਤੀ ਦੇ ਬਰਾਬਰ ਹੈ। ਜੇਕਰ ਅਧਿਐਨ ਦਾ ਇਹ ਅਨੁਮਾਨ ਸਹੀ ਹੁੰਦਾ ਹੈ ਤਾਂ ਭਾਰਤ ਕੋਵਿਡ ਨਾਲ ਸਭ ਤੋਂ ਵੱਧ ਮੌਤਾਂ ਹੋਣ ਵਾਲਾ ਦੇਸ਼ ਬਣ ਜਾਵੇਗਾ। ਹੁਣ ਤਕ ਅਮਰੀਕਾ ਵਿਚ ਕੋਵਿਡ ਇਨਫੈਕਸ਼ਨ ਨਾਲ 8 ਲੱਖ ਅਤੇ ਬ੍ਰਾਜ਼ੀਲ ਵਿਚ 6 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਇਹ ਦੇਸ਼ ਦੁਨੀਆ ਦੀ ਸੂਚੀ ਵਿਚ ਸਭ ਤੋਂ ਅੱਗੇ ਹਨ। ਭਾਰਤ ਦੀ ਕੋਵਿਡ ਨਾਲ ਹੋਣ ਵਾਲੀ ਮੌਤ ਦਰ ਦੁਨੀਆ ਦੇ ਮੁਕਾਬਲੇ ਘੱਟ ਹੈ। ਸਰਕਾਰੀ ਗਿਣਤੀ ਮੁਤਾਬਕ ਪ੍ਰਤੀ 1,000 ਆਬਾਦੀ ਵਿਚ ਕੋਵਿਡ ਮੌਤ ਦਰ 0.3% ਹੈ, ਜਦੋਂਕਿ ਦੁਨੀਆ ਦਾ ਔਸਤ 0.6% ਹੈ। ਜੇਕਰ ਅਧਿਐਨ ਵਿਚ ਸਾਹਮਣੇ ਆਉਣ ਵਾਲੀ ਗਿਣਤੀ 30.2 ਲੱਖ ਤੋਂ ਲੈ ਕੇ 30.7 ਲੱਖ ਤਕ ਸਹੀ ਸਾਬਤ ਹੁੰਦੀ ਹੈ ਤਾਂ ਭਾਰਤ ਦੀ ਮੌਤ ਦਰ 2.3 ਤੋਂ 2.6 ਤਕ ਹੋ ਜਾਵੇਗੀ ਜੋ ਸੰਸਾਰਕ ਔਸਤ 0.6 ਤੋਂ ਲਗਭਗ 4 ਗੁਣਾ ਵੱਧ ਹੋਵੇਗੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News