ਭਾਰਤ 'ਚ ਕੋਰੋਨਾ ਦਾ ਕਹਿਰ ਜਾਰੀ- ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਦੇ ਪਾਰ, 824 ਲੋਕਾਂ ਦੀ ਮੌਤ
Sunday, Apr 26, 2020 - 09:55 AM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 1990 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ 26 ਹਜ਼ਾਰ ਦੇ ਪਾਰ ਪਹੁੰਚ ਗਈ ਹੈ ਅਤੇ ਇਸ ਦੌਰਾਨ ਇਨਫੈਕਸ਼ਨ ਕਾਰਨ 49 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ 824 ਹੋ ਗਿਆ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕੋਰੋਨਾ ਦੇ ਹੁਣ ਤੱਕ ਕੁੱਲ 26496 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨਾਂ 'ਚ 111 ਵਿਦੇਸ਼ੀ ਮਰੀਜ਼ ਸ਼ਾਮਲ ਹਨ। ਕੋਰੋਨਾ ਨਾਲ ਇਨਫੈਕਟਡ ਲੋਕਾਂ ਦੇ ਸਿਹਤਮੰਦ ਹੋਣ ਦੀ ਰਫ਼ਤਾਰ ਵੀ ਤੇਜ਼ ਹੋਈ ਹੈ ਅਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਇਨਫੈਕਟਡ 741 ਲੋਕਾਂ ਦੇ ਸਿਹਤਮੰਦ ਹੋਣ ਨਾਲ ਅਜਿਹੇ ਲੋਕਾਂ ਦੀ ਗਿਣਤੀ 5804 'ਤੇ ਪਹੁੰਚ ਗਈ ਹੈ।
ਦਿੱਲੀ 'ਚ ਮਰੀਜ਼ਾਂ ਦੀ ਗਿਣਤੀ 2625 ਹੋਈ
ਰਾਜਧਾਨੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 111 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 2625 ਹੋ ਗਈ ਹੈ ਅਤੇ ਇਕ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 54 ਹੋ ਗਈ ਹੈ। ਦਿੱਲੀ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 12 ਮਰੀਜ਼ ਠੀਕ ਹੋਏ ਅਤੇ ਕੁੱਲ 869 ਲੋਕ ਇਸ ਜਾਨਲੇਵਾ ਵਾਇਰਸ ਨਾਲ ਜੰਗ ਜਿੱਤ ਕੇ ਹਸਪਤਾਲ ਤੋਂ ਘਰ ਵਾਪਸ ਆ ਗਏ ਹਨ। ਰਾਜਧਾਨੀ 'ਚ ਕੋਰੋਨਾ ਦੇ 1702 ਮਾਮਲੇ ਐਕਟਿਵ ਹਨ। ਇਸ ਤੋਂ ਇਲਾਵਾ ਦਿੱਲੀ 'ਚ ਕੁੱਲ 35,519 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ।
ਭਾਰਤ 'ਚ ਮੌਤ ਦਰ 3.1 ਫੀਸਦੀ
ਕੋਵਿਡ-19 ਦੇ ਸੰਕਟ ਦਰਮਿਆਨ ਦੇਸ਼ ਲਈ ਜੋ ਰਾਹਤ ਭਰੀ ਗੱਲ ਹੈ ਉਹ ਇਕ ਕਿ ਇਨਾਂ 'ਚ ਮੌਤ ਦਰ 3.1 ਫੀਸਦੀ ਹੈ, ਜਦੋਂ ਕਿ ਲੋਕਾਂ ਦੇ ਸਿਹਤਮੰਦ ਹੋਣ ਦੀ ਦਰ 20.88 ਫੀਸਦੀ ਹੈ, ਜੋ ਗਲੋਬਲ ਮਹਾਮਾਰੀ ਨਾਲ ਜੂਝ ਰਹੇ ਵਿਸ਼ਵ ਦੇ ਕਈ ਹੋਰ ਦੇਸ਼ਾਂ ਦੀ ਤੁਲਨਾ 'ਚ ਕਾਫੀ ਬਿਹਤਰ ਹੈ। ਸਿਹਤ ਮੰਤਰਾਲੇ ਅਨੁਸਾਰ ਦੇਸ਼ 'ਚ ਕੋਰੋਨਾ ਨਾਲ ਇਨਫੈਕਟਡ ਲੋਕਾਂ ਦੇ ਸਿਹਤਮੰਦ ਹੋਣ ਦੀ ਰਫ਼ਤਾਰ ਵੀ ਤੇਜ਼ ਹੋਈ ਹੈ।