ਬੰਗਲਾਦੇਸ਼ ''ਚ ਮੰਦਰ ਤੋਂ ਮੁਕਟ ਚੋਰੀ ਹੋਣ ''ਤੇ ਭਾਰਤ ਚਿੰਤਤ
Friday, Oct 11, 2024 - 03:16 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2021 'ਚ ਆਪਣੀ ਬੰਗਲਾਦੇਸ਼ ਯਾਤਰਾ ਦੌਰਾਨ ਜੇਸ਼ੋਰੇਸ਼ਵਰੀ ਕਾਲੀ ਮੰਦਰ 'ਚ ਤੋਹਫ਼ੇ ਦੇ ਰੂਪ ਵਿਚ ਭੇਟ ਕੀਤੀ ਗਈ ਧਾਰਮਿਕ ਵਸਤੂ ਦੀ ਚੋਰੀ ਦੇ ਮਾਮਲੇ ਵਿਚ ਭਾਰਤ ਨੇ ਬੰਗਲਾਦੇਸ਼ ਤੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ। ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ ਵਿਚ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਧਾਰਮਿਕ ਵਸਤੂ ਦੀ ਚੋਰੀ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਤੋਂ ਉਸ ਨੂੰ ਬਰਾਮਦ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕੀਤੀ।
ਪੋਸਟ ਵਿਚ ਕਿਹਾ ਗਿਆ ਕਿ ਅਸੀਂ 2021 ਵਿਚ ਬੰਗਲਾਦੇਸ਼ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੇਸ਼ੋਰੇਸ਼ਵਰੀ ਕਾਲੀ ਮੰਦਰ ਵਿਚ ਭੇਟ ਕੀਤੇ ਗਏ ਮੁਕਟ ਦੀ ਚੋਰੀ ਦੀਆਂ ਖ਼ਬਰਾਂ ਵੇਖੀਆਂ ਹਨ। ਅਸੀਂ ਡੂੰਘੀ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਤੋਂ ਚੋਰੀ ਦੀ ਜਾਂਚ ਕਰਨ, ਮੁਕਟ ਨੂੰ ਬਰਾਮਦ ਕਰਨ ਅਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਅਪੀਲ ਕਰਦੇ ਹਾਂ। ਭਾਰਤ ਸਰਕਾਰ ਦੇ ਸੂਤਰਾਂ ਨੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਤੋਂ ਭਾਰਤ ਚਿੰਤਤ ਹੈ। ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਇਸ ਮੁੱਦੇ 'ਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ।