ਲੱਦਾਖ ਝੜਪ : ਪੀ. ਐੱਮ. ਮੋਦੀ ਨੇ 19 ਜੂਨ ਨੂੰ ਬੁਲਾਈ ਸਾਰੇ ਦਲਾਂ ਨਾਲ ਬੈਠਕ

06/17/2020 3:53:22 PM

ਨਵੀਂ ਦਿੱਲੀ (ਵਾਰਤਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਲੱਦਾਖ ਦੇ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਹਿੰਸਕ ਝੜਪ ਤੋਂ ਬਾਅਦ ਪੈਦਾ ਹੋਈ ਸਥਿਤੀ 'ਤੇ ਚਰਚਾ ਲਈ ਸ਼ੁੱਕਰਵਾਰ ਨੂੰ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਦੱਸ ਦੇਈਏ ਕਿ ਸੋਮਵਾਰ ਰਾਤ ਨੂੰ ਪੂਰਬੀ ਲੱਦਾਖ ਦੇ ਗਲਵਾਨ ਘਾਟੀ ਖੇਤਰ ਵਿਚ ਹੋਈ ਝੜਪ ਵਿਚ ਫੌਜ ਦੇ 20 ਫ਼ੌਜੀ ਸ਼ਹੀਦ ਹੋਏ ਹਨ, ਜਿਨ੍ਹਾਂ 'ਚੋਂ ਇਕ ਕਮਾਂਡਿੰਗ ਅਫ਼ਸਰ ਵੀ ਸ਼ਾਮਲ ਹਨ। ਪੂਰਬੀ ਲੱਦਾਖ ਖੇਤਰ ਵਿਚ ਐੱਲ. ਏ. ਸੀ. 'ਤੇ ਕਰੀਬ 40 ਦਿਨ ਤੋਂ ਵੀ ਵਧੇਰੇ ਸਮੇਂ ਤੋਂ ਫ਼ੌਜੀ ਗਤੀਰੋਧ ਜਾਰੀ ਹੈ। ਦੋਹਾਂ ਸੈਨਾਵਾਂ ਦਰਮਿਆਨ ਇਸ ਹਿੰਸਕ ਝੜਪ ਮਗਰੋਂ ਸਥਿਤੀ ਹੋਰ ਤਣਾਅਪੂਰਨ ਹੋ ਗਈ ਹੈ।

PunjabKesari

ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਕਿਹਾ ਕਿ ਭਾਰਤ-ਚੀਨ ਸਰਹੱਦ ਨਾਲ ਲੱਗਦੇ ਖੇਤਰਾਂ ਵਿਚ ਸਥਿਤੀ 'ਤੇ ਚਰਚਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਜੂਨ ਨੂੰ ਸ਼ਾਮ 5 ਵਜੇ ਸਾਰੇ ਦਲਾਂ ਦੀ ਬੈਠਕ ਬੁਲਾਈ ਹੈ। ਇਸ ਵਰਚੁਅਲ ਬੈਠਕ ਵਿਚ ਵੱਖ-ਵੱਖ ਸਿਆਸੀ ਦਲਾਂ ਦੇ ਪ੍ਰਧਾਨ ਹਿੱਸਾ ਲੈਣਗੇ। ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਤੋਂ ਹੀ ਰੱਖਿਆ ਮੰਤਰੀ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਨਾਲ ਇਸ ਮੁੱਦੇ 'ਤੇ ਲਗਾਤਾਰ ਸੰਪਰਕ ਵਿਚ ਹਨ। ਉਨ੍ਹਾਂ ਨੇ ਕਈ ਬੈਠਕਾਂ ਵੀ ਕੀਤੀਆਂ ਹਨ।

ਓਧਰ ਵੱਖ-ਵੱਖ ਸਿਆਸੀ ਦਲਾਂ ਨੇ ਇਸ ਘਟਨਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਹਨ ਅਤੇ ਉਨ੍ਹਾਂ ਨੇ ਸਰਕਾਰ ਦੇ ਇਸ ਮਾਮਲੇ ਨਾਲ ਜੁੜੇ ਤੱਥ ਦੇਸ਼ ਨਾਲ ਸਾਂਝਾ ਕਰਨ ਨੂੰ ਕਿਹਾ ਹੈ। ਕੁਝ ਦਲਾਂ ਨੇ ਫ਼ੌਜੀਆਂ ਦੀ ਸ਼ਹਾਦਤ ਦਾ ਬਦਲਾ ਲੈਣ ਅਤੇ ਚੀਨ ਨੂੰ ਆਪਣੀ ਜ਼ਮੀਨ ਤੋਂ ਪਿੱਛੇ ਖਦੇੜਨ ਦੀ ਵੀ ਮੰਗ ਕੀਤੀ ਹੈ। ਪਿਛਲੇ ਕਰੀਬ ਪੰਜ ਦਹਾਕਿਆਂ ਵਿਚ ਇਹ ਪਹਿਲਾ ਮੌਕਾ ਹੈ, ਜਦੋਂ ਚੀਨ ਸਰਹੱਦ 'ਤੇ ਦੋਹਾਂ ਪੱਖਾਂ ਦੇ ਫ਼ੌਜੀਆਂ ਵਿਚ ਇਸ ਤਰ੍ਹਾਂ ਦੀ ਝੜਪ ਹੋਈ ਹੈ। ਇਸ ਤੋਂ ਪਹਿਲਾਂ 1967 ਵਿਚ ਨਾਥੂ ਲਾ 'ਚ ਦੋਹਾਂ ਸੈਨਾਵਾਂ ਵਿਚਾਲੇ ਹੋਏ ਟਕਰਾਅ 'ਚ ਭਾਰਤ ਦੇ 80 ਫ਼ੌਜੀ ਸ਼ਹੀਦ ਹੋਏ ਸਨ।


Tanu

Content Editor

Related News