11 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਭਾਰਤ-ਚੀਨ ਕੋਰ ਕਮਾਂਡਰ ਦੀ ਬੈਠਕ, ਇਹ ਹੋਈ ਚਰਚਾ

Tuesday, Oct 13, 2020 - 04:14 PM (IST)

11 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਭਾਰਤ-ਚੀਨ ਕੋਰ ਕਮਾਂਡਰ ਦੀ ਬੈਠਕ, ਇਹ ਹੋਈ ਚਰਚਾ

ਨੈਸ਼ਨਲ ਡੈਸਕ- ਪੂਰਬੀ ਲੱਦਾਖ 'ਚ ਤਣਾਅ ਦੇ ਹੱਲ ਲਈ ਭਾਰਤ ਨੇ ਸੋਮਵਾਰ ਨੂੰ ਚੀਨ ਨਾਲ 7ਵੇਂ ਦੌਰ ਦੀ ਫੌਜ ਵਾਰਤਾ ਕੀਤੀ। ਵਾਰਤਾ ਦੌਰਾਨ ਭਾਰਤ ਨੇ ਬੀਜਿੰਗ ਨੂੰ ਅਪ੍ਰੈਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਅਤੇ ਵਿਵਾਦ ਦੇ ਸਾਰੇ ਬਿੰਦੂਆਂ ਤੋਂ ਚੀਨੀ ਫੌਜੀਆਂ ਦੀ ਪੂਰਨ ਵਾਪਸੀ ਕਰਨ ਲਈ ਕਿਹਾ। ਸਰਕਾਰੀ ਸੂਤਰਾਂ ਨੇ ਇਹ ਗੱਲ ਕਹੀ। ਉਨ੍ਹਾਂ ਨੇ ਦੱਸਿਆ ਕਿ ਪੂਰਬੀ ਲੱਦਾਖ 'ਚ ਕੋਰ ਕਮਾਂਡਰ ਪੱਧਰ ਦੀ ਵਾਰਤਾ ਦੁਪਹਿਰ ਲਗਭਗ 12 ਵਜੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੁਸ਼ੂਲ ਖੇਤਰ 'ਚ ਭਾਰਤੀ ਇਲਾਕੇ 'ਚ ਹੋਈ ਅਤੇ ਰਾਤ 8.30 ਵਜੇ ਬਾਅਦ ਵੀ ਜਾਰੀ ਰਹੀ। ਸਰਹੱਦ ਵਿਵਾਦ ਨੂੰ 6 ਮਹੀਨੇ ਹੋ ਚੁਕੇ ਹਨ ਅਤੇ ਵਿਵਾਦ ਜਲਦ ਖਤਮ ਹੋਣ ਦੇ ਆਸਾਰ ਘੱਟ ਹੀ ਦਿੱਸ ਰਹੇ ਹਨ। ਕਿਉਂਕਿ ਭਾਰਤ ਅਤੇ ਚੀਨ ਨੇ ਬੇਹੱਦ ਉਚਾਈ ਵਾਲੇ ਖੇਤਰਾਂ 'ਚ ਲਗਭਗ ਇਕ ਲੱਖ ਫੌਜੀ ਤਾਇਨਾਤ ਕਰ ਰੱਖੇ ਹਨ।

ਵਾਰਤਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਨੇ ਕਿਹਾ ਕਿ ਏਜੰਡਾ ਵਿਵਾਦ ਦੇ ਸਾਰੇ ਬਿੰਦੂਆਂ ਤੋਂ ਫੌਜੀਆਂ ਦੀ ਵਾਪਸੀ ਲਈ ਇਕ ਫਾਰਮੈਟ ਨੂੰ ਅੰਤਿਮ ਰੂਪ ਦੇਣ ਦਾ ਸੀ। ਭਾਰਤੀ ਵਫ਼ਦ ਦੀ ਅਗਵਾਈ ਲੇਹ ਸਥਿਤ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਵਿਦੇਸ਼ ਮੰਤਰਾਲੇ 'ਚ ਪੂਰਬੀ ਏਸ਼ੀਆ ਮਾਮਲਿਆਂ ਦੇ ਸੰਯੁਕਤ ਸਕੱਤਰ ਨਵੀਨ ਸ਼੍ਰੀਵਾਸਤਵ ਕਰ ਰਹੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਵਾਰਤਾ 'ਚ ਚੀਨੀ ਵਿਦੇਸ਼ ਮੰਤਰਾਲੇ ਦਾ ਇਕ ਅਧਿਕਾਰੀ ਵੀ ਚੀਨੀ ਵਫ਼ਦ ਦਾ ਹਿੱਸਾ ਹੈ। ਸੂਤਰਾਂ ਨੇ ਦੱਸਿਆ ਕਿ ਵਾਰਤਾ 'ਚ ਭਾਰਤ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਨੂੰ ਵਿਵਾਦ ਦੇ ਸਾਰੇ ਬਿੰਦੂਆਂ ਤੋਂ ਆਪਣੇ ਫੌਜੀਆਂ ਨੂੰ ਜਲਦ ਅਤੇ ਪੂਰੀ ਤਰ੍ਹਾਂ ਨਾਲ ਵਾਪਸ ਬੁਲਾਉਣਾ ਚਾਹੀਦਾ ਅਤੇ ਪੂਰਬੀ ਲੱਦਾਖ 'ਚ ਅਪ੍ਰੈਲ ਤੋਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨੀ ਚਾਹੀਦੀ ਹੈ। ਤਣਾਅ 5 ਮਈ ਨੂੰ ਸ਼ੁਰੂ ਹੋਇਆ ਸੀ।

ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਪ੍ਰਮੁੱਖ ਰੱਖਿਆ ਮੁਖੀ ਜਨਰਲ ਬਿਪਿਨ ਰਾਵਤ ਅਤੇ ਫੌਜ ਦੇ ਤਿੰਨਾਂ ਅੰਗਾਂ ਦੇ ਮੁਖੀਆਂ ਸਮੇਤ ਚੀਨ ਅਧਿਐਨ ਸਮੂਹ (ਸੀ.ਐੱਸ.ਜੀ.) ਨੇ ਫੌਜ ਵਾਰਤਾ ਲਈ ਸ਼ੁੱਕਰਵਾਰ ਨੂੰ ਭਾਰਤ ਦੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ। ਸੀ.ਐੱਸ.ਜੀ. ਚੀਨ ਬਾਰੇ ਭਾਰਤ ਦੀ ਮਹੱਤਵਪੂਰਨ ਨੀਤੀ ਨਿਰਾਧਰਕ ਇਕਾਈ ਹੈ। 7ਵੇਂ ਦੌਰ ਦੀ ਫੌਜ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਸੂਤਰਾਂ ਨੇ ਕਿਹਾ ਸੀ ਕਿ ਭਾਰਤ ਪੈਂਗੋਂਗ ਨਦੀ ਦੇ ਦੱਖਣੀ ਕਿਨਾਰੇ ਕਈ ਰਣਨੀਤਕ ਉੱਚਾਈਆਂ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਦੀ ਚੀਨ ਦੀ ਮੰਗ ਦਾ ਮਜ਼ਬੂਤੀ ਨਾਲ ਵਿਰੋਧ ਕਰੇਗਾ। ਦੱਸਣਯੋਗ ਹੈ ਕਿ ਭਾਰਤੀ ਫੌਜੀਆਂ ਨੇ 29 ਅਤੇ 30 ਅਗਸਤ ਦੀ ਰਾਤ ਪੈਂਗੋਂਗ ਨਦੀ ਦੇ ਦੱਖਣੀ ਕਿਨਾਰੇ ਸਥਿਤ ਰਣਨੀਤਕ ਰੂਪ ਨਾਲ ਮਹੱਤਵਪੂਰਨ ਕਈ ਉੱਚਾਈਆਂ 'ਤੇ ਕਬਜ਼ਾ ਕਰ ਲਿਆ ਸੀ, ਜਿਸ ਨਾਲ ਉੱਥੇ ਭਾਰਤੀ ਫੌਜ ਦੀ ਸਥਿਤੀ ਕਾਫ਼ੀ ਮਜ਼ਬੂਤ ਹੋ ਗਈ ਹੈ। ਭਾਰਤੀ ਫੌਜ ਨੇ ਚੀਨੀ ਫੌਜ ਦੇ ਜਵਾਬ 'ਚ ਸਰਹੱਦ 'ਤੇ ਟੈਂਕ ਅਤੇ ਹੋਰ ਭਾਰੀ ਹਥਿਆਰ ਉਤਾਰ ਦਿੱਤੇ ਹਨ ਅਤੇ ਫਿਊਲ, ਭੋਜਨ ਅਤੇ ਸਰਦੀਆਂ 'ਚ ਕੰਮ ਆਉਣ ਵਾਲੀਆਂ ਚੀਜ਼ਾਂ ਦੀ ਪੂਰੀ ਵਿਵਸਥਾ ਕੀਤੀ ਹੈ।


author

DIsha

Content Editor

Related News