ਭਾਰਤ-ਬੰਗਲਾਦੇਸ਼ ਵਿਚਕਾਰ 2 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਬੱਸ ਸੇਵਾ

06/10/2022 2:39:40 PM

ਕੋਲਕਾਤਾ/ਢਾਕਾ (ਵਾਰਤਾ)- ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਯਾਤਰੀ ਬੱਸ ਸੇਵਾ 2 ਸਾਲਾਂ ਬਾਅਦ ਸ਼ੁੱਕਰਵਾਰ ਨੂੰ ਬਹਾਲ ਹੋ ਗਈ। ਢਾਕਾ ਤੋਂ ਕੋਲਕਾਤਾ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਬੱਸ ਸੇਵਾਵਾਂ ਆਖਾਊੜਾ ਤੋਂ ਅਗਰਤਲਾ ਅਤੇ ਬੇਨਾਪੋਲ ਤੋਂ ਹਰਿਦਾਸਪੁਰ ਤੱਕ ਚੱਲਣਗੀਆਂ। ਇਸ ਤੋਂ ਪਹਿਲਾਂ 29 ਮਈ ਨੂੰ ਦੋਹਾਂ ਦੇਸ਼ਾਂ ਵਿਚਾਲੇ ਯਾਤਰੀ ਰੇਲ ਸੇਵਾ ਵੀ ਸ਼ੁਰੂ ਕੀਤੀ ਗਈ ਸੀ। ਇਸ ਦਿਨ ਢਾਕਾ-ਕੋਲਕਾਤਾ ਦਰਮਿਆਨ ਮੈਤਰੀ ਐਕਸਪ੍ਰੈੱਸ ਅਤੇ ਕੋਲਕਾਤਾ-ਖੁਲਨਾ ਵਿਚਕਾਰ ਬੰਧਨ ਐਕਸਪ੍ਰੈੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਨੂੰ ਸ਼ੁਰੂ ਕੀਤੇ 2 ਹਫ਼ਤੇ ਵੀ ਨਹੀਂ ਹੋਏ ਸਨ ਕਿ ਦੋਵੇਂ ਗੁਆਂਢੀ ਮੁਲਕਾਂ ਵਿਚਾਲੇ ਬੱਸ ਸੇਵਾ ਬਹਾਲ ਕਰ ਦਿੱਤੀ ਗਈ। ਇਸ ਦੇ ਨਾਲ 1 ਜੂਨ ਨੂੰ ਭਾਰਤ ਵਿਚ ਨਿਊ ਜਲਪਾਈਗੁੜੀ ਸਟੇਸ਼ਨ ਅਤੇ ਢਾਕਾ ਵਿਚਕਾਰ ਮਿਤਾਲੀ ਐਕਸਪ੍ਰੈਸ ਨਾਮ ਦੀ ਇਕ ਨਵੀਂ ਦੋ-ਹਫ਼ਤਾਵਾਰ ਰੇਲਗੱਡੀ ਨੂੰ ਵੀ ਦੋਹਾਂ ਦੇਸ਼ਾਂ ਦੇ ਰੇਲ ਮੰਤਰੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

PunjabKesari

ਢਾਕਾ 'ਚ ਭਾਰਤੀ ਹਾਈ ਕਮਿਸ਼ਨ ਨੇ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਬੱਸ ਸੇਵਾਵਾਂ ਸ਼ੁਰੂ ਹੋਣ ਨਾਲ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਲੋਕਾਂ ਨਾਲ ਸਬੰਧ ਮਜ਼ਬੂਤ ​​ਹੋਣਗੇ। ਹੁਣ ਲੋੜੀਂਦੀਆਂ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਜਲਦੀ ਹੀ ਭਾਰਤ ਵਿਚ ਦਾਵਕੀ ਅਤੇ ਬੰਗਲਾਦੇਸ਼ ਵਿਚ ਤਮਾਬਿਲ ਵਿਚਕਾਰ ਬੱਸ ਸੇਵਾ ਵੀ ਸ਼ੁਰੂ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਆਵਾਜਾਈ ਦੇ 5 ਰਸਤੇ ਸਨ। ਢਾਕਾ-ਕੋਲਕਾਤਾ-ਢਾਕਾ, ਢਾਕਾ-ਅਗਰਤਲਾ-ਢਾਕਾ, ਅਗਰਤਲਾ-ਢਾਕਾ-ਕੋਲਕਾਤਾ-ਅਗਰਤਲਾ ਅਤੇ ਢਾਕਾ-ਖੁਲਨਾ-ਕੋਲਕਾਤਾ-ਢਾਕਾ। ਇਹ ਰੂਟ ਮੁੜ ਚਾਲੂ ਹੋ ਜਾਣਗੇ। ਢਾਕਾ-ਸਿਲਹਟ-ਸ਼ਿਲਾਂਗ-ਗੁਹਾਟੀ-ਢਾਕਾ ਸੜਕ ਨੂੰ ਵੀ ਨਿਰਧਾਰਤ ਸਮੇਂ ਦੇ ਅੰਦਰ ਖੋਲ੍ਹਿਆ ਜਾਵੇਗਾ।

PunjabKesari


DIsha

Content Editor

Related News