ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਦਿੱਤਾ 1 ਅਰਬ ਡਾਲਰ ਦਾ ਕਰਜ਼ਾ
Friday, Mar 18, 2022 - 12:21 PM (IST)
ਨਵੀਂ ਦਿੱਲੀ– ਭਾਰਤ ਨੇ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਖਾਣ ਵਾਲੇ ਉਤਪਾਦਾਂ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਖਰੀਦ ਲਈ ਇਕ ਅਰਬ ਡਾਲਰ ਦੀ ਕਰਜ਼ਾ ਸਹੂਲਤ ਪ੍ਰਦਾਨ ਕਰਨ ਦਾ ਵੀਰਵਾਰ ਨੂੰ ਐਲਾਨ ਕੀਤਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਗਏ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਹ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ-‘‘ਗੁਆਂਢ ਪਹਿਲਾਂ। ਭਾਰਤ ਸ਼੍ਰੀਲੰਕਾ ਦੇ ਨਾਲ ਖੜਾ ਹੈ। ਭਾਰਤ ਵਲੋਂ ਹਮਾਇਤ ਦੇ ਪੈਕੇਜ ਦਾ ਮਹੱਤਵਪੂਰਨ ਤੱਤ।’’ ਉਥੇ ਹੀ ਵਿੱਤ ਮੰਤਰਾਲਾ ਦੇ ਟਵੀਟ ਵਿਚ ਕਿਹਾ ਗਿਆ ਹੈ ਕਿ ਕਰਜ਼ਾ ਸਹੂਲਤ ਦੇ ਸਮਝੌਤੇ ’ਤੇ ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਅਤੇ ਸ਼੍ਰੀਲੰਕਾ ਸਰਕਾਰ ਨੇ ਹਸਤਾਖਰ ਕੀਤੇ। ਵਿੱਤ ਮੰਤਰਾਲਾ ਮੁਤਾਬਕ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀਰਵਾਰ ਨੂੰ ਨਵੀਂ ਦਿੱਲੀ ਵਿਚ ਸ਼੍ਰੀਲੰਕਾ ਦੇ ਵਿੱਤ ਮੰਤਰੀ ਬਾਸਿਲ ਰਾਜਪਕਸ਼ੇ ਦੇ ਨਾਲ ਬੈਠਕ ਕੀਤੀ। ਮੰਤਰੀਆਂ ਨੇ ਆਪਸੀ ਹਿੱਤਾਂ ਅਤੇ ਆਰਥਿਕ ਸਹਿਯੋਗ ਨਾਲ ਜੁੜੇ ਵੰਨ-ਸੁਵੰਨੇ ਵਿਸ਼ਿਆਂ ’ਤੇ ਵਿਆਪਕ ਚਰਚਾ ਕੀਤੀ। ਰਾਜਪਕਸ਼ੇ ਬੁੱਧਵਾਰ ਨੂੰ 3 ਦਿਨਾਂ ਯਾਤਰਾ ’ਤੇ ਨਵੀਂ ਦਿੱਲੀ ਪੁੱਜੇ ਸਨ। ਉਨ੍ਹਾਂ ਬੁੱਧਵਾਰ ਨੂੰ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ।
Neighborhood first. India stands with Sri Lanka.
— Dr. S. Jaishankar (@DrSJaishankar) March 17, 2022
US$ 1 billion credit line signed for supply of essential commodities.
Key element of the package of support extended by India. pic.twitter.com/Fbzu5WFE3n
ਰਾਜਪਕਸ਼ੇ ਨੇ ਇਸ ਮੁਸ਼ਕਲ ਸਮੇਂ ਵਿਚ ਸ਼੍ਰੀਲੰਕਾ ਨੂੰ ਭਾਰਤ ਵਲੋਂ ਪ੍ਰਦਾਨ ਕੀਤੀ ਗਈ ਸਭ ਤਰ੍ਹਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਭਾਰਤ ਨੇ ਪਿਛਲੇ ਮਹੀਨੇ ਸ਼੍ਰੀਲੰਕਾ ਨੂੰ ਪੈਟਰੋਲੀਅਮ ਉਤਪਾਦਾਂ ਦੀ ਖਰੀਦ ਵਿਚ ਮਦਦ ਕਰਨ ਲਈ 50 ਕਰੋੜ ਡਾਲਰ ਦੀ ਕਰਜ਼ਾ ਸਹੂਲਤ ਦੇਣ ਦਾ ਐਲਾਨ ਕੀਤਾ ਸੀ।