''ਇੰਡੀਆ'' ਗਠਜੋੜ ਦੀ ਬੈਠਕ ਤੋਂ ਬਾਅਦ ਖੜਗੇ ਨੇ ਕਰ''ਤਾ ਵੱਡਾ ਐਲਾਨ
Wednesday, Jun 05, 2024 - 09:32 PM (IST)
ਨਵੀਂ ਦਿੱਲੀ- ਇਕ ਪਾਸੇ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰਿਹਾਇਸ਼ 'ਤੇ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐੱਨ.ਡੀ.ਏ.) ਦੀ ਬੈਠਕ ਹੋਈ ਤਾਂ ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ 'ਤੇ 'ਇੰਡੀਆ' ਗਠਜੋੜ ਦੇ ਨੇਤਾਵਾਂ ਦੀ ਬੈਠਕ ਵੀ ਸੰਪਨ ਹੋ ਗਈ ਹੈ। ਇਸ ਬੈਠਕ 'ਚ ਸ਼ਾਮਲ ਹੋਣ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ-ਐੱਸ.ਪੀ. (ਐੱਨ.ਸੀ.ਪੀ.-ਐੱਸ.ਪੀ.), ਸ਼ਿਵ ਸੈਨਾ-ਯੂ.ਬੀ.ਟੀ., ਸਮਾਜਵਾਦੀ ਪਾਰਟੀ, ਆਮ ਆਦਮੀ ਪਾਰਟੀ, ਝਾਰਖੰਡ ਮੁਕਤੀ ਮੋਰਚਾ ਅਤੇ ਹੋਰ ਪਾਰਟੀਆਂ ਦੇ ਨੇਤਾ ਖੜਗੇ ਦੀ ਰਿਹਾਇਸ਼ 'ਤੇ ਇਕੱਠੇ ਹੋਏ।
ਕਾਂਗਰਸ ਪ੍ਰਧਾਨ ਖੜਕੇ ਨੇ ਕੀ ਕਿਹਾ?
'ਇੰਡੀਆ' ਗਠਜੋੜ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਅਜੇ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰੇਗਾ। 'ਇੰਡੀਆ' ਗਠਜੋੜ ਦੀ ਬੈਠਕ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਸੀਂ ਅਜੇ ਸਰਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ। ਅਸੀਂ ਸਹੀ ਸਮਾਂ ਆਉਣ'ਤੇ ਫੈਸਲਾ ਲਵਾਂਗੇ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਸੰਵਿਧਾਨ ਦੀ ਰੱਖਿਆ ਲਈ ਫ਼ਤਵਾ ਹੈ। ਖੜਗੇ ਨੇ ਕਿਹਾ ਕਿ ਅਸੀਂ ਚੰਗਾ ਸੰਘਰਸ਼ ਕੀਤਾ, ਇਕਜੁਟ ਹੋ ਕੇ ਅਤੇ ਦ੍ਰਿੜਤਾ ਨਾਲ ਲੜੇ। ਉਨ੍ਹਾਂ ਅੱਗੇ ਕਿਹਾ ਕਿ 'ਇੰਡੀਆ' ਗਠਜੋੜ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਸਵਾਗਤ ਕਰਦਾ ਹੈ ਜੋ ਸਾਡੇ ਸੰਵਿਧਾਨ ਪ੍ਰਤੀ ਆਪਣੀ ਵਚਨਬੱਧਤਾ ਦਿਖਾਉਂਦੀਆਂ ਹਨ। ਖੜਗੇ ਨੇ ਕਿਹਾ ਕਿ 'ਇੰਡੀਆ' ਗਠਜੋੜ ਭਾਜਪਾ ਦੇ ਫਾਸੀਵਾਦੀ ਸ਼ਾਸਨ ਦੇ ਖਿਲਾਫ ਲੜਾਈ ਜਾਰੀ ਰੱਖੇਗਾ।