ਵਿਰੋਧੀ ਗੱਠਜੋੜ ‘ਇੰਡੀਆ’ ਨੇ 14 ਟੀ. ਵੀ. ਐਂਕਰਾਂ ਦੇ ਪ੍ਰੋਗਰਾਮਾਂ ਦੇ ਬਾਈਕਾਟ ਲਿਆ ਫੈਸਲਾ

Friday, Sep 15, 2023 - 12:56 PM (IST)

ਵਿਰੋਧੀ ਗੱਠਜੋੜ ‘ਇੰਡੀਆ’ ਨੇ 14 ਟੀ. ਵੀ. ਐਂਕਰਾਂ ਦੇ ਪ੍ਰੋਗਰਾਮਾਂ ਦੇ ਬਾਈਕਾਟ ਲਿਆ ਫੈਸਲਾ

ਨਵੀਂ ਦਿੱਲੀ, (ਭਾਸ਼ਾ)- ਵਿਰੋਧੀ ਗੱਠਜੋੜ ‘ਇੰਡੀਆ’ ਦੀਆਂ ਭਾਈਵਾਲ ਪਾਰਟੀਆਂ ਨੇ ਵੀਰਵਾਰ ਨੂੰ ਫੈਸਲਾ ਕੀਤਾ ਕਿ ਉਹ ਦੇਸ਼ ਦੇ 14 ਟੈਲੀਵਿਜ਼ਨ ਐਂਕਰਾਂ ਦੇ ਪ੍ਰੋਗਰਾਮਾਂ ’ਚ ਆਪਣੇ ਪ੍ਰਤੀਨਿਧ ਨਹੀਂ ਭੇਜਣਗੇ। ਵਿਰੋਧੀ ਗੱਠਜੋੜ ‘ਇੰਡੀਆ’ ਦੀ ਮੀਡੀਆ ਨਾਲ ਸਬੰਧਿਤ ਕਮੇਟੀ ਦੀ ਬੈਠਕ ’ਚ ਇਹ ਫੈਸਲਾ ਲਿਆ ਗਿਆ। ਵਿਰੋਧੀ ਗੱਠਜੋੜ ਦੀ ਮੀਡੀਆ ਕਮੇਟੀ ਨੇ ਕਿਹਾ, ‘‘13 ਸਤੰਬਰ, 2023 ਨੂੰ ਆਪਣੀ ਬੈਠਕ ’ਚ ‘ਇੰਡੀਆ’ ਤਾਲਮੇਲ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ, ਵਿਰੋਧੀ ਗੱਠਜੋੜ ਦੀਆਂ ਪਾਰਟੀਆਂ ਇਨ੍ਹਾਂ 14 ਐਂਕਰਾਂ ਦੇ ਸ਼ੋਅ ਅਤੇ ਪ੍ਰੋਗਰਾਮਾਂ ’ਚ ਆਪਣੇ ਪ੍ਰਤੀਨਿਧ ਨਹੀਂ ਭੇਜਣਗੀਆਂ। ਇਸ ਨੇ ਬਿਆਨ ’ਚ 14 ਐਂਕਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ।

ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਅਤੇ ਵਿਰੋਧੀ ਗੱਠਜੋੜ ਦੀ ਮੀਡੀਆ ਕਮੇਟੀ ਦੇ ਮੈਂਬਰ ਪਵਨ ਖੇੜਾ ਨੇ ਕਿਹਾ, “ਰੋਜ਼ ਸ਼ਾਮ 5 ਵਜੇ ਤੋਂ ਕੁਝ ਚੈਨਲਾਂ ’ਤੇ ਨਫ਼ਰਤ ਦੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ। ਅਸੀਂ ਨਫ਼ਰਤ ਦੇ ਬਾਜ਼ਾਰ ਦੇ ਗਾਹਕ ਨਹੀਂ ਬਣਾਂਗੇ। ਸਾਡਾ ਉਦੇਸ਼ ਹੈ ‘ਨਫ਼ਰਤ ਮੁਕਤ ਭਾਰਤ’।

ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵਿਰੋਧੀ ਗੱਠਜੋੜ ਦੇ ਇਸ ਕਦਮ ਦੀ ਤੁਲਨਾ ਐਮਰਜੈਂਸੀ ਨਾਲ ਕੀਤੀ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਵਿਰੋਧੀ ਗੱਠਜੋੜ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਹ ਕਦਮ ਉਨ੍ਹਾਂ ਦੀ ਬੌਖਲਾਹਟ ਨੂੰ ਦਰਸਾਉਂਦਾ ਹੈ।

ਇਸ ਦਰਮਿਆਨ ਨੈਸ਼ਨਲ ਯੂਨੀਅਨ ਆਫ਼ ਜਰਨਲਿਸਟ (ਐੱਨ. ਯੂ. ਜੇ.) ਨੇ ਬਾਈਕਾਟ ਨੂੰ ਲੋਕਤੰਤਰ ’ਤੇ ਹਮਲਾ ਕਰਾਰ ਦਿੱਤਾ ਹੈ। ‘ਇੰਟਰਨੈਸ਼ਨਲ ਫੈੱਡਰੇਸ਼ਨ ਆਫ ਜਰਨਲਿਸਟ’ ਨਾਲ ਜੁੜੇ ‘ਨੈਸ਼ਨਲ ਯੂਨੀਅਨ ਆਫ ਜਰਨਲਿਸਟ’ ਦੇ ਪ੍ਰਧਾਨ ਰਾਸ਼ ਬਿਹਾਰੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਇਹ ਫੈਸਲਾ ਭਾਰਤ ਦੇ ਲੋਕਤੰਤ੍ਰਿਕ ਇਤਿਹਾਸ ਵਿਚ ਮੀਡੀਆ ’ਤੇ ਜਬਰ ਦਾ ‘ਕਾਲਾ ਅਧਿਆਏ’ ਹੈ।


author

Rakesh

Content Editor

Related News