ਚੀਨ ਨੂੰ ਘੇਰਨ ਲਈ ਭਾਰਤ ਦੀ ਨਵੀਂ ਰਣਨੀਤੀ, ਤਿੱਬਤ ਬਾਰੇ ਫ਼ੌਜੀਆਂ ਨੂੰ ਦਿੱਤੀ ਜਾ ਰਹੀ ਜਾਣਕਾਰੀ

Tuesday, Oct 26, 2021 - 02:51 PM (IST)

ਨਵੀਂ ਦਿੱਲੀ/ਇੰਟਰਨੈਸ਼ਨਲ ਡੈਸਕ- ਚੀਨ ਨੂੰ ਹੁਣ ਉਸੇ ਦੀ ਭਾਸ਼ਾ ਵਿਚ ਜਵਾਬ ਦੇਣ ਲਈ ਭਾਰਤ ਨੇ ਵੀ ਕਮਰ ਕੱਸ ਲਈ ਹੈ, ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਅਰੁਣਾਚਲ ਪ੍ਰਦੇਸ਼ ਵਿਚ ਜਦੋਂ ਵੀ ਸਾਡੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਉਪ-ਰਾਸ਼ਟਰਪਤੀ ਜਾਂ ਪਤਵੰਤੇ ਸੱਜਣ ਯਾਤਰਾ ’ਤੇ ਜਾਂਦੇ ਹਨ ਤਾਂ ਚੀਨ ਵਲੋਂ ਤੁਰੰਤ ਇਤਰਾਜ਼ਯੋਗ ਟਿੱਪਣੀ ਆ ਜਾਂਦੀ ਹੈ, ਜਦਕਿ ਉਹ ਅਰੁਣਾਚਲ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਹੈ। ਚੀਨ ਦਾ ਕਹਿਣਾ ਹੈ ਕਿ ਉਹ ਦੱਖਣੀ ਤਿੱਬਤ ਦੇ ਨਾਲ ਲਗਦੇ ਅਰੁਣਾਚਲ ਪ੍ਰਦੇਸ਼ ਨੂੰ ਮਾਨਤਾ ਨਹੀਂ ਦਿੰਦਾ ਹੈ। ਦਰਅਸਲ, ਚੀਨ ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਤਿੱਬਤ ਭਾਵ ਤਸਾਂਗਨਾਨ ਮੰਨਦਾ ਹੈ। ਚੀਨ ਦਾ ਕਹਿਣਾ ਹੈ ਕਿ ਤਸਾਂਗਨਾਨ, ਸੀ ਤਸਾਂਗ ਭਾਵ ਤਿੱਬਤ ਦਾ ਹਿੱਸਾ ਹੈ। ਜਦਕਿ ਚੀਨ ਨੇ 1962 ਦੀ ਜੰਗ ਸਮੇਂ ਲੱਦਾਖ ਦੇ ਇਕ ਵੱਡੇ ਹਿੱਸੇ ਅਕਸਾਈ ਚਿਨ ’ਤੇ ਆਪਣਾ ਨਾਜਾਇਜ਼ ਕਬਜ਼ਾ ਜਮ੍ਹਾ ਲਿਆ ਅਤੇ ਓਦੋਂ ਤੋਂ ਉਥੇ ਜੰਮਿਆ ਹੋਇਆ ਹੈ। ਭਾਰਤ ਨੇ ਇਸਦਾ ਜਵਾਬ ਦੇਣ ਲਈ ਸਰਹੱਦ ’ਤੇ ਤਾਇਨਾਤ ਆਪਣੇ ਉਨ੍ਹਾਂ ਫੌਜੀਆਂ ਨੂੰ ਚੀਨ ਦੇ ਕਬਜ਼ੇ ਵਾਲੇ ਤਿੱਬਤ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ ਹੈ। ਭਾਰਤ ਦੀ ਇਹ ਨੀਤੀ ਅੱਗੇ ਚਲਕੇ ਤਿੱਬਤ ਨੂੰ ਚੀਨ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਵਿਚ ਅਹਿਮ ਕਿਰਦਾਰ ਨਿਭਾ ਸਕਦੀ ਹੈ।

ਸਪੈਸ਼ਲ ਫਰੰਟੀਅਲ ਫੋਰਸ ਵਿਚ ਹਨ ਤਿੱਬਤੀ ਫੌਜੀ

ਚੀਨ ਲਈ ਭਾਰਤੀ ਫੌਜੀਆਂ ਦੀ ਇਹ ਜਾਣਕਾਰੀ ਬਹੁਤ ਖਤਰਨਾਕ ਸਾਬਿਤ ਹੋਵੇਗੀ, ਕਿਉਂਕਿ ਤਿੱਬਤੀ ਲੋਕ ਭਾਰਤ ਦੇ ਪ੍ਰਤੀ ਦੋਸਤੀ ਵਾਲਾ ਭਾਵ ਰੱਖਦੇ ਹਨ। ਸਾਲ 1959 ਤੋਂ ਪਹਿਲਾਂ ਤਿੱਬਤ ਸੰਸਕ੍ਰਿਤਕ , ਭੌਗੋਲਿਕ ਅਤੇ ਆਰਥਿਕ ਤੌਰ ’ਤੇ ਭਾਰਤ ਨਾਲ ਜ਼ਿਆਦਾ ਜੁੜਿਆ ਸੀ। ਉਥੇ ਚੀਨ ਦੀ ਪਹੁੰਚ ਨਾ ਦੇ ਬਰਾਬਰ ਸੀ। ਭਾਰਤੀ ਫੌਜ ਵਿਚ ਸਪੈਸ਼ਲ ਫਰੰਟੀਅਲ ਫੋਰਸ ਇਕ ਅਜਿਹੀ ਯੂਨਿਟ ਹੈ ਜਿਸਨੂੰ 14 ਨਵੰਬਰ, 1962 ਨੂੰ ਬਣਾਇਆ ਗਿਆ ਸੀ। ਇਸ ਵਿਚ ਭਰਤੀ ਕੀਤੇ ਗਏ ਸਾਰੇ ਫੌਜੀ ਤਿੱਬਤੀ ਮੂਲ ਦੇ ਹਨ। ਜੰਗ ਦੇ ਸਮੇਂ ਸੰਘਣੇ ਪਹਾੜੀ ਖੇਤਰ ਵਿਚ ਇਹ ਯੂਨਿਟ ਦੁਸ਼ਮਣ ਦੇ ਉੱਪਰ ਕਾਲ ਬਣਕੇ ਟੁੱਟ ਪੈਂਦੇ ਹਨ। ਇਸਦੇ ਨਾਲ ਹੀ ਜਦੋਂ ਭਾਰਤੀ ਫੌਜੀਆਂ ਨੂੰ ਤਿੱਬਤ ਬਾਰੇ ਪੂਰੀ ਜਾਣਕਾਰੀ ਰਹੇਗੀ ਤਾਂ ਉਨ੍ਹਾਂ ਨੂੰ ਚੀਨ ਨਾਲ ਯੰਗ ਅਤੇ ਜੰਗ ਵਰਗੇ ਹਾਲਾਤ ਦੇ ਸਮੇਂ ਇਸਦਾ ਸਭ ਤੋਂ ਜ਼ਿਆਦਾ ਲਾਭ ਮਿਲੇਗਾ।

ਸਿੱਖਿਆ ਦੇਣ ਲਈ ਬਾਮਡਿਲਾ ਤੋਂ ਆਉਣਗੇ ਲਾਮਾ

ਇਸਦੇ ਨਾਲ ਹੀ ਤਿੰਨ ਮਹੀਨੇ ਦੇ ਤਿੱਬਤੀ ਕੋਰਸ ਦੀ ਸ਼ੁਰੂਆਤ ਵੀ ਹੋ ਰਹੀ ਹੈ, ਇਸਦੇ ਲਈ ਬਾਮਡਿਲਾ ਤੋਂ ਲਾਮਾ ਵਿਸ਼ੇਸ਼ ਤੌਰ ’ਤੇ ਫੌਜੀਆਂ ਨੂੰ ਸਿੱਖਿਆ ਦੇਣ ਲਈ ਆਉਣਗੇ। ਵਿਸਤ੍ਰਿਤ ਸਿੱਖਿਆ ਵਿਚ ਇਨ੍ਹਾਂ ਫੌਜੀਆਂ ਨੂੰ ਗੈਸਟ ਲੈਕਚਰ, ਕਿਤਾਬਾਂ, ਫਿਲਮਾਂ, ਡਾਕੂਮੈਂਟਰੀ ਤੋਂ ਇਲਾਵਾ ਜਿੰਨੇ ਵੀ ਜਾਣਕਾਰੀ ਦੇ ਸੋਮੇ ਹਨ ਉਹ ਸਭ ਮੁਹੱਈਆ ਕਰਵਾਏ ਜਾਣਗੇ। ਇਸ ਕੋਰਸ ਨੂੰ ਹੋਰ ਵਿਸਤ੍ਰਿਤ ਬਣਾਉਣ ਲਈ ਬੌਧ ਭਿਕਸ਼ੂ, ਲਾਮਾ, ਤਿੱਬਤੀ ਮਾਮਲਿਆਂ ਦੇ ਜਾਣਕਾਰ ਸਾਰਿਆਂ ਦੀ ਮਦਦ ਲਈ ਜਾ ਰਹੀ ਹੈ। ਇਸ ਨਵੇਂ ਕੋਰਸ ਬਾਰੇ ਸੀਨੀਅਰ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੋਰਸ ਨੂੰ ਕਰਨ ਤੋਂ ਬਾਅਦ ਉਹ ਆਪਣੇ ਕਾਰਜਖੇਤਰ ਵਿਚ ਇੰਨੇ ਸਮਰੱਥ ਹੋਣਗੇ ਕਿ ਉਥੋਂ ਦੇ ਲੋਕਾਂ ਦੀ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੋਵੇਗੀ।

ਅਰੁਣਾਚਲ ਪ੍ਰਦੇਸ਼ ਦੇ ਦਾਹੁੰਗ ਖੇਤਰ ਤੋਂ ਇਲਾਵਾ ਲਗਭਗ 12 ਅਜਿਹੇ ਖੇਤਰ ਹੋਰ ਹਨ ਜਿਨ੍ਹਾਂ ਨੂੰ ਵੀ ਤਿੱਬਤੋਲੌਜੀ ਪੜ੍ਹਾਉਣ ਲਈ ਤਿਆਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚੋਂ 7 ਅਜੇ ਪੂਰੀ ਤਰ੍ਹਾਂ ਨਾਲ ਤਿਆਰ ਹਨ ਜਿਥੇ ਭਾਰਤੀ ਫੌਜੀ ਤਿੱਬਤ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹਨ। ਅਜੇ ਤੱਕ ਕੁਲ ਮਿਲਾਕੇ 150 ਭਾਰਤੀ ਫੌਜੀ ਅਧਿਕਾਰੀਆਂ ਨੂੰ ਤਿੱਬਤ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਬਾਅਦ ਇਹ ਕੋਰਸ ਕਈ ਹੋਰ ਫੌਜੀਆਂ ਨੂੰ ਕਰਵਾਇਆ ਜਾਏਗਾ। ਉਂਝ ਵੀ ਭਾਰਤੀ ਫੌਜੀਆਂ ਅਤੇ ਫੌਜ ਦੇ ਅਧਿਕਾਰੀਆਂ ਨਾਲ ਸਥਾਨਕ ਲੋਕਾਂ ਅਤੇ ਭਾਰਤ ਵਿਚ ਰਹਿਣ ਵਾਲੇ ਤਿੱਬਤੀ ਮੂਲ ਦੇ ਲੋਕਾਂ ਨਾਲ ਬਹੁਤ ਸੁਖਾਵੇਂ ਸਬੰਧ ਰਹੇ ਹਨ।

ਅਰੁਣਾਚਲ ਪ੍ਰਦੇਸ਼ ਦੇ ਦਾਹੁੰਗ ਖੇਤਰ ਵਿਚ ਫੌਜੀਆਂ ਲਈ ਵਿਸ਼ੇਸ਼ ਕੋਰਸ

ਭਾਰਤੀ ਫੌਜੀਆਂ ਨੂੰ ਤਿੱਬਤ ਦੀ ਭਾਸ਼ਾ, ਉਨ੍ਹਾਂ ਦਾ ਧਰਮ, ਸੰਸਕ੍ਰਿਤੀ, ਇਤਿਹਾਸ ਬਾਰੇ ਵਿਸਤਾਰ ਨਾਲ ਜਾਣਕਾਰੀ ਦੇਵੇਗਾ। ਫੌਜ ਦੇ ਜਵਾਨਾਂ ਨੂੰ ਇਹ ਦੱਸਿਆ ਜਾਵੇਗਾ ਕਿ ਚੀਨ ਨੇ ਤਿੱਬਤ ’ਤੇ ਆਪਣਾ ਕਬਜ਼ਾ ਜਮਾਇਆ ਅਤੇ ਤਿੱਬਤੀ ਲੋਕ ਬੌਧ ਮਤ ਦੀ ਕਿਸ ਬਰਾਂਚ ਨੂੰ ਮੰਨਦੇ ਹਨ। ਇਸ ਤੋਂ ਇਲਾਵਾ ਤਿੱਬਤ ਦੀ ਭੂਗੋਲ, ਖੇਤਰਫਲ, ਆਬਾਦੀ ਬਾਰੇ ਉਨ੍ਹਾਂ ਨੂੰ ਸਭ ਕੁਝ ਦੱਸਿਆ ਜਾਏਗਾ। ਇਸ ਨਾਲ ਇੰਟੇਲ ਦੇ ਖੇਤਰ ਵਿਚ ਇਨ੍ਹਾਂ ਫੌਜੀਆਂ ਦੀ ਜਾਣਕਾਰੀ ਵਧੇਗੀ। ਤਿੱਬਤੀਆਂ ਵਿਚਾਲੇ ਭਾਰਤ ਇਕ ਮਿੱਤਰ ਸ਼ਕਤੀ ਦੇ ਰੂਪ ਵਿਚ ਪਛਾਣਿਆ ਜਾਂਦਾ ਹੈ। ਭਾਰਤੀ ਫੌਜ ਨਾਲ ਹੋਏ ਇਕ ਸਮਝੌਤੇ ਦੇ ਅਧੀਨ ਇਹ ਸਾਰੀ ਪੜ੍ਹਾਈ ਅਰੁਣਾਚਲ ਪ੍ਰਦੇਸ਼ ਦੇ ਦਾਹੁੰਗ ਖੇਤਰ ਦੇ ਕੇਂਦਰੀ ਹਿਮਾਲਿਅਨ ਸੰਸਕ੍ਰਿਤੀ ਸਿੱਖਿਆ ਸੰਸਥਾਨ ਵਿਚ ਕੀਤੀ ਜਾ ਰਹੀ ਹੈ, ਜਿਸਦੀ ਸ਼ੁਰੂਆਤ ਹਾਲ ਹੀ ਵਿਚ ਹੋਈ ਹੈ। ਫੌਜੀਆਂ ਨੂੰ ਇਹ ਸਿੱਖਿਆ ਦੇਣ ਦਾ ਮਕਸਦ ਪੂਰੇ ਖੇਤਰ ਵਿਚ ਰਹਿਣ ਵਾਲੇ ਲੋਕਾਂ ਨਾਲ ਸੌਖਿਆਂ ਹੀ ਜੋੜਨਾ ਹੈ। ਇਸ ਪ੍ਰੋਗਰਾਮ ਦੇ ਪਾਇਲਟ ਪ੍ਰਾਜੈਕਟ ਵਿਚ 15 ਫੌਜੀਆਂ ਨੇ ਇਹ ਕੋਰਸ ਪੂਰੀ ਸਫਲਤਾ ਨਾਲ ਕੀਤਾ ਹੈ ਹੁਣ ਇਸਨੂੰ ਬਾਕੀ ਫੌਜੀਆਂ ਨੂੰ ਵੀ ਦਿੱਤਾ ਜਾਏਗਾ।


Tanu

Content Editor

Related News