ਭਾਰਤ ''ਚ ਜ਼ਹਿਰ ਵਾਂਗ ਫੈਲ ਰਿਹੈ PFAS ! ਵਧਣ ਲੱਗਾ ਕੈਂਸਰ ਤੇ ਬਾਂਝਪਨ ਵਰਗੀਆਂ ਨਾਮੁਰਾਦ ਬੀਮਾਰੀਆਂ ਦਾ ਖ਼ਤਰਾ
Tuesday, Dec 23, 2025 - 12:38 PM (IST)
ਵੈੱਬ ਡੈਸਕ- ਭਾਰਤ 'ਚ ਇਕ ਅਜਿਹਾ ਖ਼ਤਰਨਾਕ ਪ੍ਰਦੂਸ਼ਣ ਚੁੱਪਚਾਪ ਪੈਰ ਪਸਾਰ ਰਿਹਾ ਹੈ, ਜਿਸ ਬਾਰੇ ਆਮ ਜਨਤਾ ਲਗਭਗ ਅਣਜਾਣ ਹੈ। ਇਹ ਖ਼ਤਰਾ ਹੈ PFAS (Per- and Polyfluoroalkyl Substances), ਜਿਨ੍ਹਾਂ ਨੂੰ 'ਫਾਰਐਵਰ ਕੈਮੀਕਲਜ਼' ਕਿਹਾ ਜਾਂਦਾ ਹੈ ਕਿਉਂਕਿ ਇਹ ਇਕ ਵਾਰ ਮਨੁੱਖੀ ਸਰੀਰ ਜਾਂ ਵਾਤਾਵਰਣ 'ਚ ਦਾਖਲ ਹੋਣ ਤੋਂ ਬਾਅਦ ਕਦੇ ਖ਼ਤਮ ਨਹੀਂ ਹੁੰਦੇ,।
ਭਾਰਤ 'ਚ ਫੈਕਟਰੀਆਂ ਦਾ ਜਾਲ
ਹੈਰਾਨੀ ਦੀ ਗੱਲ ਇਹ ਹੈ ਕਿ ਜਿਨ੍ਹਾਂ PFAS ਫੈਕਟਰੀਆਂ ਨੂੰ ਯੂਰਪੀ ਦੇਸ਼ਾਂ (ਜਿਵੇਂ ਇਟਲੀ) ਨੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਬੰਦ ਕਰ ਦਿੱਤਾ ਸੀ, ਉਹ ਤਕਨਾਲੋਜੀ ਅਤੇ ਸਿਸਟਮ ਹੁਣ ਚੁੱਪਚਾਪ ਭਾਰਤ 'ਚ ਤਬਦੀਲ ਕੀਤੇ ਜਾ ਰਹੇ ਹਨ,। ਭਾਰਤ 'ਚ ਇਨ੍ਹਾਂ ਰਸਾਇਣਾਂ ਦੇ ਵੱਡੇ ਪੱਧਰ 'ਤੇ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ, ਜਿਸ ਨਾਲ ਸਾਡਾ ਦੇਸ਼ ਇਨ੍ਹਾਂ ਜ਼ਹਿਰੀਲੇ ਰਸਾਇਣਾਂ ਦਾ ਡੰਪਿੰਗ ਗਰਾਊਂਡ ਬਣਦਾ ਜਾ ਰਿਹਾ ਹੈ।
ਭੋਜਨ ਲੜੀ ਰਾਹੀਂ ਸਰੀਰ 'ਚ ਪਹੁੰਚ ਰਿਹਾ ਹੈ ਜ਼ਹਿਰ
ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ (UNSW) ਦੀ ਇਕ ਤਾਜ਼ਾ ਖੋਜ ਅਨੁਸਾਰ, PFAS ਦੀ ਮਾਤਰਾ ਭੋਜਨ ਲੜੀ (food chain) ਦੇ ਹਰ ਪੜਾਅ 'ਤੇ ਦੁੱਗਣੀ ਹੋ ਜਾਂਦੀ ਹੈ।
ਇਹ ਰਸਾਇਣ ਪਾਣੀ ਰਾਹੀਂ ਪਲੈਂਕਟਨ ਅਤੇ ਐਲਗੀ 'ਚ ਜਾਂਦੇ ਹਨ, ਜਿਨ੍ਹਾਂ ਨੂੰ ਛੋਟੀਆਂ ਮੱਛੀਆਂ ਖਾਂਦੀਆਂ ਹਨ।
ਜਦੋਂ ਇਨ੍ਹਾਂ ਨੂੰ ਵੱਡੀਆਂ ਮੱਛੀਆਂ ਜਾਂ ਇਨਸਾਨ ਖਾਂਦੇ ਹਨ, ਤਾਂ ਇਨ੍ਹਾਂ ਰਸਾਇਣਾਂ ਦੀ ਮਾਤਰਾ ਕਈ ਗੁਣਾ ਵਧ ਚੁੱਕੀ ਹੁੰਦੀ ਹੈ।
ਅਧਿਐਨਾਂ 'ਚ PFAS ਦੇ ਅੰਸ਼ ਜ਼ਮੀਨੀ ਪਾਣੀ, ਮਾਂ ਦੇ ਦੁੱਧ ਅਤੇ ਦਰਿਆਈ ਮੱਛੀਆਂ 'ਚ ਵੀ ਪਾਏ ਗਏ ਹਨ।
ਸਿਹਤ 'ਤੇ ਮਾਰੂ ਪ੍ਰਭਾਵ
ਇਨ੍ਹਾਂ ਰਸਾਇਣਾਂ ਦਾ ਸਿੱਧਾ ਸਬੰਧ ਕੈਂਸਰ, ਬਾਂਝਪਨ, ਗੁਰਦੇ ਫੇਲ੍ਹ ਹੋਣ ਅਤੇ ਹਾਰਮੋਨਲ ਗੜਬੜੀ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਹੈ। ਇਹ ਰਸਾਇਣ ਸਾਡੇ ਰੋਜ਼ਾਨਾ ਜੀਵਨ ਦੀਆਂ ਵਸਤੂਆਂ ਜਿਵੇਂ ਨਾਨ-ਸਟਿਕ ਪੈਨ, ਵਾਟਰ-ਪਰੂਫ ਕੱਪੜੇ, ਫੂਡ ਪੈਕੇਜਿੰਗ ਅਤੇ ਸਫਾਈ ਦੇ ਸਾਮਾਨ 'ਚ ਵਰਤੇ ਜਾਂਦੇ ਹਨ।
ਨਵੇਂ ਰਸਾਇਣ ਹੋਰ ਵੀ ਖ਼ਤਰਨਾਕ
ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀਆਂ ਵੱਲੋਂ 'ਸੁਰੱਖਿਅਤ' ਦੱਸ ਕੇ ਪੇਸ਼ ਕੀਤੇ ਜਾ ਰਹੇ ਨਵੇਂ ਵਿਕਲਪ ਪੁਰਾਣੇ ਰਸਾਇਣਾਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ ਹਨ ਕਿਉਂਕਿ ਉਹ ਸਰੀਰ 'ਚ ਤੇਜ਼ੀ ਨਾਲ ਜਮ੍ਹਾ ਹੁੰਦੇ ਹਨ। ਵਿਗਿਆਨੀਆਂ ਨੇ ਅਪੀਲ ਕੀਤੀ ਹੈ ਕਿ ਸਿਰਫ਼ ਰਸਾਇਣਾਂ ਦੀ ਜ਼ਹਿਰੀਲੀ ਮਾਤਰਾ ਹੀ ਨਹੀਂ, ਬਲਕਿ ਇਹ ਸਰੀਰ 'ਚ ਕਿੰਨੀ ਤੇਜ਼ੀ ਨਾਲ ਇਕੱਠੇ ਹੁੰਦੇ ਹਨ, ਇਸ ਦੇ ਆਧਾਰ 'ਤੇ ਤੁਰੰਤ ਸਖ਼ਤ ਨੀਤੀਆਂ ਬਣਾਉਣ ਦੀ ਲੋੜ ਹੈ।
