ਹਵਾਈ ਯਾਤਰੀਆਂ ਦੀ ਗਿਣਤੀ ''ਚ 20 ਫੀਸਦੀ ਦਾ ਹੋਇਆ ਵਾਧਾ

Thursday, Jul 20, 2017 - 02:22 AM (IST)

ਨਵੀਂ ਦਿੱਲੀ— ਘਰੇਲੂ ਮਾਰਗਾਂ 'ਤੇ ਪਿਛਲੇ ਮਹੀਨੇ ਹਵਾਈ ਯਾਤਰੀਆਂ ਦੀ ਗਿਣਤੀ ਬੀਤੇ ਸਾਲ ਦੇ ਜੂਨ ਮਹੀਨੇ ਦੇ ਮੁਕਾਬਲੇ 20 ਫੀਸਦੀ ਵਧ ਕੇ 95 ਲੱਖ 68 ਹਜ਼ਾਰ ਦੇ ਪਾਰ ਰਹੀ। ਬੀਤੇ ਜੂਨ 'ਚ ਯਾਤਰੀਆਂ ਦੀ ਗਿਣਤੀ 79 ਲੱਖ 75 ਹਜ਼ਾਰ ਰਹੀ ਸੀ। ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਵੱਲੋਂ ਅੱਜ ਜਾਰੀ ਅੰਕੜਿਆਂ ਅਨੁਸਾਰ 38 ਲੱਖ 26 ਹਜ਼ਾਰ ਯਾਤਰੀਆਂ ਨਾਲ ਕਿਫਾਇਤੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ 40 ਫੀਸਦੀ ਰਹੀ। 15.2 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਜੈੱਟ ਏਅਰਵੇਜ਼ ਨੇ ਆਪਣਾ ਦੂਸਰਾ ਸਥਾਨ ਬਰਕਰਾਰ ਰੱਖਿਆ ਸੀ। ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ (13.1 ਫੀਸਦੀ) ਨੂੰ ਪਿੱਛੇ ਛੱਡਦੇ ਹੋਏ ਕਿਫਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ 13.3 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਤੀਜੇ ਸਥਾਨ 'ਤੇ ਆ ਗਈ ਹੈ। ਪੀਕ ਸੀਜ਼ਨ 'ਚ ਭਰੀਆਂ ਸੀਟਾਂ ਦੇ ਮਾਮਲੇ 'ਚ 94.3 ਫੀਸਦੀ ਪੈਸੰਜਰ ਲੋਡ ਫੈਕਟਰ (ਪੀ. ਐੱਫ. ਐੱਲ.) ਨਾਲ ਸਪਾਈਸਜੈੱਟ ਪਹਿਲੇ ਸਥਾਨ 'ਤੇ ਰਹੀ। ਹਾਂਲਾਕਿ ਹੋਰ ਕੋਈ ਵੀ ਨਿਯਮਿਤ ਸੇਵਾ ਪ੍ਰਦਾਤਾ ਏਅਰਲਾਈਨ 90 ਫੀਸਦੀ ਦਾ ਅੰਕੜਾ ਨਹੀਂ ਛੂਹ ਪਾਈ। ਦੂਸਰੇ ਸਥਾਨ 'ਤੇ ਏਅਰ ਏਸ਼ੀਆ (89.6 ਫੀਸਦੀ), ਤੀਸਰੇ ਸਥਾਨ 'ਤੇ ਗੋ ਏਅਰ (89.4 ਫੀਸਦੀ) ਅਤੇ ਚੌਥੇ ਸਥਾਨ 'ਤੇ ਇੰਡੀਗੋ 87.8 ਫੀਸਦੀ ਰਹੀ। ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ ਦੀ ਔਸਤਨ 77 ਫੀਸਦੀ ਸੀਟਾਂ ਭਰੀਆਂ ਰਹੀਆਂ।
ਇੰਡੀਗੋ 'ਚ 11 ਫੀਸਦੀ ਹਿੱਸੇਦਾਰੀ ਘਟਾਉਣਗੇ ਪ੍ਰਮੋਟਰ 
ਕਿਫਾਇਤੀ ਜਹਾਜ਼ ਸੇਵਾ ਕੰਪਨੀ ਇੰਡੀਗੋ ਦੇ ਪ੍ਰਮੋਟਰਾਂ ਨੇ ਕੰਪਨੀ 'ਚ ਆਪਣੀ ਹਿੱਸੇਦਾਰੀ ਮੌਜੂਦਾ 86 ਫੀਸਦੀ ਤੋਂ ਘਟਾ ਕੇ 75 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਅੱਜ ਬੀ. ਐੱਸ. ਈ. ਨੂੰ ਦੱਸਿਆ ਕਿ ਉਸ ਦੇ ਨਿਰਦੇਸ਼ਕ ਮੰਡਲ ਦੀ 31 ਜੁਲਾਈ ਨੂੰ ਹੋਣ ਵਾਲੀ ਬੈਠਕ 'ਚ ਇਸ ਗੱਲ 'ਤੇ ਵਿਚਾਰ ਕੀਤਾ ਜਾਵੇਗਾ ਕਿ ਹਿੱਸੇਦਾਰੀ ਕਿਸ ਤਰ੍ਹਾਂ ਘਟਾਈ ਜਾਵੇਗੀ। ਕੰਪਨੀ ਇਸ ਲਈ ਨਵੇਂ ਸ਼ੇਅਰ ਜਾਰੀ ਕਰ ਸਕਦੀ ਹੈ ਜਾਂ ਮੌਜੂਦਾਂ ਸ਼ੇਅਰਾਂ ਲਈ ਆਫਰ ਫਾਰ ਸੇਲ ਲਿਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਿਰਦੇਸ਼ਕ ਮੰਡਲ ਦੀ ਸਿਫਾਰਿਸ਼ ਤੋਂ ਬਾਅਦ ਜ਼ਰੂਰੀ ਹੋਇਆ ਤਾਂ ਇਸ ਦੇ ਲਈ ਕੰਪਨੀ ਦੇ ਸ਼ੇਅਰਧਾਰਕਾਂ ਤੋਂ ਵੀ ਮਨਜ਼ੂਰੀ ਲਈ ਜਾਵੇਗੀ।


Related News