ਬਰਫ਼ਬਾਰੀ ਮਗਰੋਂ ਗੁਲਮਰਗ ''ਚ ਸੈਲਾਨੀਆਂ ਦੇ ਚਿਹਰਿਆਂ ''ਤੇ ਖੁਸ਼ੀ, ਲੱਗੀ ਭੀੜ

Sunday, Feb 11, 2024 - 02:05 PM (IST)

ਗੁਲਮਰਗ- ਦੋ ਮਹੀਨੇ ਦੀ ਉਡੀਕ ਮਗਰੋਂ ਪਈ ਬਰਫ਼ਬਾਰੀ ਨਾਲ 'ਧਰਤੀ ਦੇ ਸਵਰਗ' ਆਖੇ ਜਾਣ ਵਾਲੇ ਜੰਮੂ-ਕਸ਼ਮੀਰ ਦੇ ਗੁਲਮਰਗ ਕੁਦਰਤ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਕੜਾਕੇ ਦੀ ਠੰਡ ਦੌਰਾਨ ਬਰਫ਼ਬਾਰੀ ਨਾ ਹੋਣ ਕਾਰਨ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਸੀ। ਲੋਕ ਬਰਫ਼ਬਾਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਅਤੇ ਇਹ ਉਡੀਕ ਆਖ਼ਰਕਾਰ ਜਨਵਰੀ ਦੇ ਅਖ਼ੀਰ ਵਿਚ ਖ਼ਤਮ ਹੋਈ, ਜਿਸ ਨਾਲ ਸਥਾਨਕ ਲੋਕਾਂ ਅਤੇ ਸੈਲਾਨੀਆਂ, ਦੋਹਾਂ ਦੇ ਚਿਹਰਿਆਂ 'ਤੇ ਖੁਸ਼ੀ ਪਰਤ ਆਈ ਹੈ। 

ਦੇਸ਼-ਵਿਦੇਸ਼ ਤੋਂ ਸੈਂਕੜੇ ਸੈਲਾਨੀ ਸ਼੍ਰੀਨਗਰ ਤੋਂ ਲੱਗਭਗ 50 ਕਿਲੋਮੀਟਰ ਦੂਰ ਗੁਲਮਰਗ ਦੇ ਸ਼ਾਂਤ ਵਾਤਾਵਰਣ 'ਚ ਪਰਿਵਾਰ ਨਾਲ ਬਰਫ਼ਬਾਰੀ ਦਾ ਆਨੰਦ ਮਾਣਨ ਲਈ ਪ੍ਰਸਿੱਧ ਸਕੀ ਰਿਜ਼ਾਰਟ ਆ ਰਹੇ ਹਨ। ਬਰਫ਼ਬਾਰੀ ਕਾਰਨ ਦੂਰ-ਦੂਰਾਡੇ ਤੋਂ ਸੈਲਾਨੀ ਬਰਫ਼ੀਲੀਆਂ ਢਲਾਣਾਂ 'ਤੇ ਸਕੀਇੰਗ ਕਰਨ ਅਤੇ ਬਰਫ਼ ਨਾਲ ਢੱਕੇ ਪਹਾੜਾਂ ਦੀਆਂ ਸ਼ਾਂਤ ਵਾਦੀਆਂ ਅਤੇ ਮਨਮੋਹਕ ਦ੍ਰਿਸ਼ਾਂ ਦਾ ਆਨੰਦ ਲੈਣ ਲਈ ਗੁਲਮਰਗ ਦਾ ਰੁਖ਼ ਕਰ ਰਹੇ ਹਨ।

ਸੈਰ-ਸਪਾਟਾ ਵਿਭਾਗ ਮੁਤਾਬਕ ਇਸ ਬਰਫ਼ਬਾਰੀ ਮਗਰੋਂ ਫਰਵਰੀ ਦੇ ਸਿਰਫ 6 ਦਿਨਾਂ ਦੇ ਅੰਦਰ ਇਸ ਥਾਂ 'ਤੇ 19,532 ਸੈਲਾਨੀ ਆਏ ਹਨ। ਵਿਭਾਗ ਦੇ ਅੰਕੜਿਆਂ ਮੁਤਾਬਕ ਇਕ ਤੋਂ 6 ਫਰਵਰੀ ਤੱਕ 15,086 ਘਰੇਲੂ ਸੈਲਾਨੀ, 4,290 ਸਥਾਨਕ ਅਤੇ 156 ਵਿਦੇਸ਼ੀ ਗੁਲਮਰਗ ਆਏ ਹਨ। 


Tanu

Content Editor

Related News