ਕਰਨਾਟਕ ’ਚ ਆਮਦਨ ਟੈਕਸ ਵਿਭਾਗ ਦੇ ਛਾਪਿਆਂ ਦੀ ਗੱਲ ਹੀ ਕੁਝ ਹੋਰ

Thursday, Oct 14, 2021 - 10:32 AM (IST)

ਕਰਨਾਟਕ ’ਚ ਆਮਦਨ ਟੈਕਸ ਵਿਭਾਗ ਦੇ ਛਾਪਿਆਂ ਦੀ ਗੱਲ ਹੀ ਕੁਝ ਹੋਰ

ਬੇਂਗੁਲੂਰ (ਬਿਊਰੋ) ਅਜਿਹਾ ਕਿਹਾ ਜਾਂਦਾ ਹੈ ਕਿ ਆਮ ਤੌਰ ’ਤੇ ਆਮਦਨ ਟੈਕਸ ਵਿਭਾਗ ਦੇ ਛਾਪੇ ਜਾਂ ਤਾਂ ਭਾਜਪਾ ਨਾਲ ਵਿਰੋਧ ਰੱਖਣ ਵਾਲਿਆਂ ’ਤੇ ਪੈਂਦੇ ਹਨ ਜਾਂ ਫਿਰ ਵੱਡੇ ਘਪਲੇ ਕਰਨ ਵਾਲਿਆਂ ’ਤੇ ਪਰ ਇਸ ਵਾਰ ਕਰਨਾਟਕ ਦੀ ਰਾਜਧਾਨੀ ਬੇਂਗੁਲੂਰ ਵਿਖੇ ਜਿਨ੍ਹਾਂ ਲੋਕਾਂ ਅਤੇ ਟਿਕਾਣਿਆਂ ’ਤੇ ਆਮਦਨ ਟੈਕਸ ਵਿਭਾਗ ਵੱਲੋਂ ਛਾਪੇ ਮਾਰੇ ਗਏ, ਉਨ੍ਹਾਂ ਦਾ ਸਬੰਧ ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੇ ਪੀ.ਏ. ਉਮੇਸ਼ ਅਤੇ ਉਸ ਦੇ ਸਹਿਯੋਗੀਆਂ ਨਾਲ ਹੈ।

ਆਮਦਨ ਟੈਕਸ ਵਿਭਾਗ ਨੇ ਲਗਾਤਾਰ 5 ਦਿਨ ਤਕ ਇਹ ਛਾਪੇ ਮਾਰੇ ਅਤੇ ਦਾਅਵਾ ਕੀਤਾ ਕਿ ਉਸ ਨੇ ਲਗਭਗ 750 ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਦਾ ਪਤਾ ਲਾਇਆ ਹੈ। ਇਸ ਵਿਚੋਂ 487 ਕਰੋੜ ਰੁਪਇਆਂ ਸਬੰਧੀ ਉਨ੍ਹਾਂ ਲੋਕਾਂ ਨੇ ਹਾਮੀ ਭਰ ਦਿੱਤੀ ਹੈ, ਜਿਨ੍ਹਾਂ ਦੇ ਕੰਪਲੈਕਸਾਂ ’ਚੋਂ ਇਹ ਮਿਲੇ ਪਰ ਅਧਿਕਾਰਤ ਬਿਆਨ ’ਚ ਜੋ ਨਹੀਂ ਕਿਹਾ ਗਿਆ, ਉਹ ਵਧੇਰੇ ਹੈਰਾਨ ਕਰ ਦੇਣ ਵਾਲਾ ਹੈ। ਸ਼ਾਇਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਆਮਦਨ ਟੈਕਸ ਵਿਭਾਗ ਦੇ ਛਾਪੇ ਉਸ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਨਾਲ ਸਬੰਧਤ ਲੋਕਾਂ ’ਤੇ ਮਾਰੇ ਗਏ ਜਿਨ੍ਹਾਂ ਕਾਰਨ ਭਾਜਪਾ ਕਰਨਾਟਕ ’ਚ ਸੱਤਾ ’ਚ ਆਈ।

ਇਹ ਛਾਪੇ 4 ਸੂਬਿਆਂ ’ਚ ਫੈਲੇ 47 ਕੰਪਲੈਕਸਾਂ ’ਤੇ ਮਾਰੇ ਗਏ ਜੋ ਮੁੱਖ ਰੂਪ ਨਾਲ ਹਾਈਵੇਅ ਅਤੇ ਸਿੰਚਾਈ ਯੋਜਨਾਵਾਂ ਦੇ ਠੇਕੇਦਾਰਾਂ ਨਾਲ ਸਬੰਧਤ ਹਨ। ਇਹ ਸਭ ਠੇਕੇਦਾਰ ਉਸ ਉਮੇਸ਼ ਨਾਲ ਜੁੜੇ ਹਨ, ਜੋ ਯੇਦੀਯੁਰੱਪਾ ਦਾ ਪੀ.ਏ. ਸੀ। ਬਾਅਦ ’ਚ ਉਨ੍ਹਾਂ ਦੇ ਸੰਸਦ ਮੈਂਬਰ ਪੁੱਤਰ ਨਾਲ ਕੰਮ ਕਰਨ ਲੱਗ ਪਿਆ। ਉਸ ਪਿਛੋਂ ਬੀਤੇ ਦਿਨਾਂ ਤਕ ਨਵੇਂ ਮੁੱਖ ਮੰਤਰੀ ਬਾਸਵਰਾਜ ਬੋਮਈ ਦੇ ਦਫ਼ਤਰ ਨਾਲ ਉਹ ਜੁੜਿਆ ਰਿਹਾ। ਉਮੇਸ਼ ਠੇਕੇਦਾਰ ਬਣਨ ਤੋਂ ਪਹਿਲਾਂ ਇਕ ਡਰਾਈਵਰ ਸੀ।

ਕਰਨਾਟਕ ਦੀ ਭਾਜਪਾ ਇਕਾਈ ਇਨ੍ਹਾਂ ਛਾਪਿਆਂ ਕਾਰਨ ਹੈਰਾਨ ਹੈ ਕਿਉਂਕਿ ਯੇਦੀਯੁਰੱਪਾ ਦੇ ਹਮਾਇਤੀ ਇਨ੍ਹਾਂ ਦਾ ਕੀ ਅਰਥ ਕੱਢਣ, ਕੁਝ ਕਿਹਾ ਨਹੀਂ ਜਾ ਸਕਦਾ। ਯੇਦੀਯੁਰੱਪਾ ਨੇ ਇਹ ਕਹਿੰਦਿਆਂ ਦ੍ਰਿੜ੍ਹਤਾ ਦਿਖਾਈ ਹੈ ਕਿ ਇਨ੍ਹਾਂ ਛਾਪਿਆਂ ਦਾ ਸਿਆਸਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਸੂਤਰਾਂ ਦਾ ਕਹਿਣਾ ਹੈ ਕਿ ਯੇਦੀਯੁਰੱਪਾ ਸਿਆਸਤ ਤੋਂ ਵੱਖ ਹੋਣ ਤੋਂ ਇਨਕਾਰ ਕਰ ਰਹੇ ਸਨ ਅਤੇ ਅਹੁਦੇ ਤੋਂ ਹਟਾਏ ਜਾਣ ਪਿਛੋਂ ਵੀ ਸੂਬਾ ਸਰਕਾਰ ਦੇ ਕੰਮ ’ਚ ਦਖਲ ਦੇ ਰਹੇ ਸਨ। ਇਹ ਛਾਪੇ ਉਨ੍ਹਾਂ ਦੇ ਹਮਾਇਤੀਆਂ ਲਈ ਸਿਆਸੀ ਸੰਦੇਸ਼ ਹੈ।


author

Tanu

Content Editor

Related News