ਬੈਂਗਲੁਰੂ ਮੈਟਰੋ ਲਾਈਨ ਦਾ ਉਦਘਾਟਨ ਕਰਨ ਮਗਰੋਂ PM ਮੋਦੀ ਨੇ ਕਾਮਿਆਂ ਤੇ ਵਿਦਿਆਰਥੀਆਂ ਨਾਲ ਕੀਤੀ ਸਵਾਰੀ
Saturday, Mar 25, 2023 - 05:22 PM (IST)
ਬੈਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵ੍ਹਾਈਟਫੀਲਡ ਤੋਂ ਕ੍ਰਿਸ਼ਨਾਰਾਜਪੁਰਾ ਤੱਕ 13.71 ਕਿਲੋਮੀਟਰ ਲੰਬੀ ਮੈਟਰੋ ਲਾਈਨ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ। 4,249 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਲਾਈਨ 'ਤੇ 12 ਮੈਟਰੋ ਸਟੇਸ਼ਨ ਹਨ। ਮੈਟਰੋ ਲਾਈਨ ਦਾ ਉਦਘਾਟਨ ਕਰਨ ਮਗਰੋਂ ਪ੍ਰਧਾਨ ਮੰਤਰੀ ਨੇ ਮੈਟਰੋ ਟਰੇਨ ਦੀ ਸਵਾਰੀ ਕੀਤੀ ਅਤੇ ਇਸ ਦੌਰਾਨ ਬੈਂਗਲੁਰੂ ਮੈਟਰੋ ਰੇਲ ਦੇ ਕਾਮਿਆਂ, ਇਸ ਦੇ ਨਿਰਮਾਣ ਕੰਮ ਵਿਚ ਲੱਗੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਆਮ ਯਾਤਰੀ ਵਾਂਗ ਮੈਟਰੋ ਟਰੇਨ ਦੀ ਸਵਾਰੀ ਕਰਨ ਲਈ ਪ੍ਰਧਾਨ ਮੰਤਰੀ ਟਿਕਟ ਖਿੜਕੀ ਤੱਕ ਗਏ ਅਤੇ ਫਿਰ ਐਂਟਰੀ ਗੇਟ ਤੋਂ ਸਟੇਸ਼ਨ ਅੰਦਰ ਦਾਖ਼ਲ ਹੋਏ। ਪ੍ਰਧਾਨ ਮੰਤਰੀ ਨਾਲ ਇਸ ਦੌਰਾਨ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਸਮੇਤ ਹੋਰ ਲੋਕ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਬੈਯਾਪਨਾਹੱਲੀ ਤੋਂ ਵ੍ਹਾਈਟਫੀਲਡ ਤੱਕ ਚਲ ਰਹੇ ਈਸਟ-ਵੈਸਟ ਕਾਰੀਡੋਰ ਦੇ ਪੂਰਬੀ ਹਿੱਸੇ ਦਾ ਵਿਸਥਾਰ ਹੈ। ਇਸ ਪੜਾਅ ਵਿਚ 15.81 ਕਿਲੋਮੀਟਰ ਲੰਬੀ ਲਾਈਨ ਬਣਨੀ ਹੈ, ਜਿਸ ਵਿਚ ਆਰ. ਕੇ. ਪੁਰਮ ਤੋਂ ਵ੍ਹਾਈਟਫੀਲਡ ਤੱਕ 13.71 ਕਿਲੋਮੀਟਰ ਲੰਬੇ ਹਿੱਸੇ ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਗਿਆ।
ਅਧਿਕਾਰੀਆਂ ਮੁਤਾਬਕ ਇਸ ਲਾਈਨ ਦੇ ਸ਼ੁਰੂ ਹੋਣ ਨਾਲ ਇਸ ਰਸਤੇ 'ਤੇ ਯਾਤਰਾ ਸਮੇਂ ਵਿਚ ਕਰੀਬ 40 ਫ਼ੀਸਦੀ ਦੀ ਕਮੀ ਆਵੇਗੀ ਅਤੇ ਸੜਕਾਂ 'ਤੇ ਜਾਮ ਵੀ ਘੱਟ ਹੋਵੇਗਾ। ਬੈਂਗਲੁਰੂ ਮੈਟਰੋ ਦੀ ਇਹ ਨਵੀਂ ਲਾਈਨ ਆਈ. ਟੀ. ਪਾਰਕਾਂ, ਨਿਰਯਾਤ ਪ੍ਰੋਮੋਸ਼ਨ ਉਦਯੋਗਿਕ ਖੇਤਰਾਂ, ਮਾਲ, ਹਸਪਤਾਲਾਂ ਅਤੇ ਵੱਖ-ਵੱਖ 500 ਕੰਪਨੀਆਂ ਵਿਚ ਕੰਮ ਕਰਨ ਵਾਲੇ 5-6 ਲੱਖ ਬੈਂਗਲੁਰੂ ਵਾਸੀਆਂ ਲਈ ਮਦਦਗਾਰ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਬੀ. ਈ. ਐੱਮ. ਐੱਲ. ਤੋਂ ਖਰੀਦੀ ਗਈ 6 ਕੋਚ ਵਾਲੀਆਂ 5 ਟਰੇਨਾਂ ਇਸ ਰੂਟ 'ਤੇ ਚੱਲਣਗੀਆਂ ਅਤੇ ਹੋਰ ਟਰੇਨਾਂ ਨੂੰ ਬੈਕਅੱਪ ਦੇ ਰੂਪ 'ਚ ਰੱਖਿਆ ਗਿਆ ਹੈ।