ਪ੍ਰੇਮਿਕਾ ਅਤੇ ਉਸ ਦੀ ਮਾਂ ਦਾ ਗਲ਼ਾ ਵੱਢ ਥਾਣੇ ਪੁੱਜਿਆ ਪ੍ਰੇਮੀ, ਫੈਲੀ ਸਨਸਨੀ

Thursday, Sep 01, 2022 - 03:35 PM (IST)

ਪ੍ਰੇਮਿਕਾ ਅਤੇ ਉਸ ਦੀ ਮਾਂ ਦਾ ਗਲ਼ਾ ਵੱਢ ਥਾਣੇ ਪੁੱਜਿਆ ਪ੍ਰੇਮੀ, ਫੈਲੀ ਸਨਸਨੀ

ਨੈਨੀਤਾਲ (ਵਾਰਤਾ)- ਉੱਤਰਾਖੰਡ ਦੇ ਕਾਸ਼ੀਪੁਰ 'ਚ ਇਕ ਸਿਰਫਿਰੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਅਤੇ ਉਸ ਦੀ ਮਾਂ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਥਾਣੇ ਵਿਚ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਨੀਆ ਪਤਨੀ ਰਈਸ ਆਪਣੀ ਬੇਟੀ ਸ਼ਿਬਾ (22) ਨਾਲ ਕਾਸ਼ੀਪੁਰ ਦੇ ਅਲੀਖਾਨ ਇਲਾਕੇ 'ਚ ਰਹਿੰਦੀ ਸੀ। ਵੀਰਵਾਰ ਸਵੇਰੇ ਕਰੀਬ 11 ਵਜੇ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲਾ ਮੁਹੰਮਦ ਸਲਮਾਨ ਤੇਜ਼ਧਾਰ ਹਥਿਆਰਾਂ ਨਾਲ ਨਨੀਆ ਦੇ ਘਰ ਪਹੁੰਚਿਆ ਅਤੇ ਉਸ ਨੇ ਪਹਿਲੇ ਬਾਜ਼ਾਰ ਜਾ ਰਹੀ ਸ਼ਿਬਾ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ। ਉਸ ਤੋਂ ਬਾਅਦ ਉਹ ਹਥਿਆਰ ਲੈ ਕੇ ਸ਼ਿਬਾ ਦੇ ਘਰ ਪਹੁੰਚਿਆ ਅਤੇ ਉਸ ਦੀ ਮਾਂ ਦਾ ਵੀ ਗਲਾ ਵੱਢ ਕੇ ਕਤਲ ਕਰ ਦਿੱਤਾ। ਇਸ ਕਾਰਨ ਸ਼ਹਿਰ ਵਿਚ ਸਨਸਨੀ ਫੈਲ ਗਈ। ਖੂਨ ਨਾਲ ਲੱਥਪੱਥ ਸਲਮਾਨ ਹਥਿਆਰ ਲੈ ਕੇ ਬਾਂਸਫੋੜਾਨ ਚੌਕੀ ਪਹੁੰਚਿਆ, ਜਿੱਥੇ ਉਸ ਨੇ ਪੁਲਸ ਵਾਲਿਆਂ ਨੂੰ ਦੱਸਿਆ ਕਿ ਉਸ ਨੇ ਮਾਂ-ਧੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਹੈ।

ਇਸ ਨਾਲ ਪੁਲਸ ਮੁਲਾਜ਼ਮ ਹੈਰਾਨ ਰਹਿ ਗਏ। ਪੁਲਸ ਨੇ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਲਿਆ। ਉਸ ਤੋਂ ਬਾਅਦ ਅਧਿਕਾਰੀ ਪੂਰੀ ਫ਼ੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਅਤੇ ਸ਼ਿਬਾ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ ਪਰ ਕੁਝ ਦਿਨਾਂ ਤੋਂ ਦੋਹਾਂ ਵਿਚਾਲੇ ਝਗੜਾ ਚੱਲ ਰਿਹਾ ਸੀ ਅਤੇ ਕੁਝ ਦਿਨਾਂ ਤੋਂ ਸ਼ਿਬਾ ਉਸ ਨਾਲ ਗੱਲ ਨਹੀਂ ਕਰ ਰਹੀ ਸੀ। ਸਲਮਾਨ ਨੂੰ ਅਹਿਸਾਸ ਹੋਇਆ ਕਿ ਉਹ ਉਸ ਨਾਲ ਧੋਖਾ ਕਰ ਰਹੀ ਹੈ। ਰਾਤ ਨੂੰ ਵੀ ਸਲਮਾਨ ਨੇ ਸ਼ਿਬਾ ਨਾਲ ਸੰਪਰਕ ਕੀਤਾ ਪਰ ਸ਼ਿਬਾ ਨੇ ਕੋਈ ਜਵਾਬ ਨਹੀਂ ਦਿੱਤਾ। ਅੱਜ ਸਵੇਰੇ ਉਸ ਨੇ ਸ਼ੀਬਾ ਨੂੰ ਰਸਤੇ ਵਿਚ ਰੋਕ ਲਿਆ ਅਤੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ। ਪੁਲਸ ਅਧਿਕਾਰੀ ਵੰਦਨਾ ਵਰਮਾ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


author

DIsha

Content Editor

Related News