ਸ਼ੁਰੂਆਤੀ ਰੁਝਾਨਾਂ 'ਚ ਹਰਿਆਣਾ ਅਤੇ ਜੰਮੂ ਕਸ਼ਮੀਰ 'ਚ ਕਾਂਗਰਸ ਨੇ ਭਾਜਪਾ ਨੂੰ ਛੱਡਿਆ ਪਿੱਛੇ

Tuesday, Oct 08, 2024 - 09:50 AM (IST)

ਨਵੀਂ ਦਿੱਲੀ (ਭਾਸ਼ਾ)- ਹਰਿਆਣਾ ਅਤੇ ਜੰਮੂ ਕਸ਼ਮੀਰ 'ਚ ਹੋਏ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਨੂੰ ਜਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਕਾਂਗਰਸ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਕਾਫ਼ੀ ਅੱਗੇ ਹਨ ਅਤੇ ਜੰਮੂ ਕਸ਼ਮੀਰ 'ਚ ਵੀ ਉਸ ਨੇ ਭਾਜਪਾ ਨੂੰ ਪਿੱਛੇ ਛੱਡ ਦਿੱਤਾ ਹੈ। ਟੀ.ਵੀ. 'ਤੇ ਆ ਰਹੀਆਂ ਖ਼ਬਰਾਂ ਅਨੁਸਾਰ, ਹਰਿਆਣਾ 'ਚ 90 ਸੀਟਾਂ 'ਚੋਂ 78 ਸੀਟਾਂ ਦੇ ਉਪਲੱਬਧ ਰੁਝਾਨਾਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ 48 ਸੀਟਾਂ 'ਤੇ ਅੱਗੇ ਹੈ ਜਦੋਂ ਕਿ ਬਹੁਮਤ ਦਾ ਅੰਕੜਾ 45 ਹੈ। ਉੱਥੇ ਹੀ ਭਾਜਪਾ 23 ਸੀਟਾਂ 'ਤੇ ਅੱਗੇ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਤਿੰਨ ਸੀਟਾਂ 'ਤੇ ਅੱਗੇ ਹੈ। ਸ਼ੁਰੂਆਤੀ ਰੁਝਾਨਾਂ ਅਨੁਸਾਰ ਮੁੱਖ ਮੰਤਰੀ ਨਾਇਬ ਸਿੰਘ  ਸੈਣੀ ਕੁਰੂਕੁਸ਼ੇਤਰ ਜ਼ਿਲ੍ਹੇ 'ਚ ਆਪਣੀ ਲਾਡਵਾ ਸੀਟ ਤੋਂ ਅੱਗੇ ਹਨ ਜਦੋਂ ਕਿ ਕਾਂਗਰਸ ਦੇ ਸੀਨੀਅਰ ਨੇਤਾ ਭੂਪਿੰਦਰ ਸਿੰਘ ਹੁੱਡਾ ਰੋਹਤਕ ਜ਼ਿਲ੍ਹੇ 'ਚ ਗੜ੍ਹੀ ਸਾਂਪਲਾ-ਕਿਲੋਈ ਸੀਟ 'ਤੇ ਆਪਣੇ ਮੁਕਾਬਲੇਬਾਜ਼ਾਂ ਤੋਂ ਅੱਗੇ ਹਨ।

ਭਾਜਪਾ ਆਗੂ ਅਨਿਲ ਵਿਜ ਆਪਣੀ ਅੰਬਾਲਾ ਸੀਟ ਤੋਂ ਅੱਗੇ ਹੈ। ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਆਪਣੀ ਏਲਨਾਬਾਦ ਸੀਟ ਤੋਂ ਅੱਗੇ ਹਨ। ਕਾਂਗਰਸ ਆਗੂ ਰਣਦੀਪ ਸਿੰਘ ਸੁਰਜੇਵਾਲਾ ਦੇ ਬੇਟੇ ਆਦਿਤਿਆ ਸੁਰਜੇਵਾਲਾ ਕੈਥਲ ਸੀਟ 'ਤੇ ਆਪਣੇ ਮੁਕਾਬਲੇਬਾਜ਼ ਤੋਂ ਅੱਗੇ ਹਨ। ਹਰਿਆਮਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ 'ਤੇ ਤਿੰਨ ਪੱਧਰੀ ਸੁਰੱਖਿਆ ਦੀ ਵਿਵਸਥਾ ਕੀਤੀ ਗਈ ਹੈ। ਜੰਮੂ ਕਸ਼ਮੀਰ 'ਚ 90 'ਚੋਂ 74 ਸੀਟ ਲਈ ਉਪਲੱਬਧ ਰੁਝਾਨਾਂ ਤੋਂ ਸੰਕੇਤ ਮਿਲਦਾ ਹੈ ਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ 39 ਸੀਟਾਂ 'ਤੇ ਅੱਗੇ ਹੈ ਜਦੋਂ ਕਿ ਭਾਜਪਾ 25 ਸੀਟ 'ਤੇ ਅੱਗੇ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) 6 ਸੀਟ 'ਤੇ ਅੱਗੇ ਹੈ ਅਤੇ ਤਿੰਨ ਸੀਟ 'ਤੇ 'ਹੋਰ' ਉਮੀਦਵਾਰ ਅੱਗੇ ਹਨ। ਜੰਮੂ ਕਸ਼ਮੀਰ 'ਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਰਵਿੰਦਰ ਰੈਨਾ ਨੇ ਮੰਗਲਵਾਰ ਸਵੇਰੇ ਇਕ 'ਯੱਗ' ਕੀਤਾ ਅਤੇ ਭਰੋਸਾ ਜਤਾਇਆ ਕਿ ਪਾਰਟੀ ਬਹੁਮਤ ਹਾਸਲ ਕਰੇਗੀ ਅਤੇ ਸੰਭਾਵਿਤ ਰੂਪ ਆਜ਼ਾਦਾਂ ਦੇ ਸਮਰਥਨ ਨਾਲ ਸਰਕਾਰ ਬਣਾਏਗੀ। ਹਰਿਆਣਾ ਅਤੇ ਜੰਮੂ ਕਸ਼ਮੀਰ ਦੋਹਾਂ 'ਚ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ। ਵੋਟਾਂ ਦੀ ਗਿਣਤੀ ਇਹ ਸ਼ੁਰੂਆਤੀ ਰੁਝਾਨ ਹਨ ਅਤੇ ਅੰਤਿਮ ਨਤੀਜੇ ਇਸ ਤੋਂ ਵੱਖ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News