ਇੰਦੌਰ 'ਚ 2 IPS ਅਧਿਕਾਰੀਆਂ ਸਮੇਤ 11 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਨਾਲ ਪੀੜਤ

04/22/2020 4:36:53 PM

ਇੰਦੌਰ— ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਮੱਧ ਪ੍ਰਦੇਸ਼ ਦਾ ਇੰਦੌਰ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲਾ ਹੈ। ਇੱਥੇ ਇਕ ਅਧਿਕਾਰੀ ਨੇ ਦੱਸਿਆ ਨੇ ਇਸ ਮਹਾਮਾਰੀ ਵਿਰੁੱਧ ਜਾਰੀ ਜੰਗ ਵਿਚ ਸ਼ਾਮਲ ਕਰੀਬ 5,000 ਪੁਲਸ ਮੁਲਾਜ਼ਮਾਂ 'ਚੋਂ 11 ਲੋਕ ਇਸ ਤੋਂ ਪੀੜਤ ਹੋਏ ਹਨ। ਇਨ੍ਹਾਂ 'ਚ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੇ ਦੋ ਅਧਿਕਾਰੀ ਵੀ ਸ਼ਾਮਲ ਹਨ।

ਓਧਰ ਡੀ. ਆਈ. ਜੀ. ਹਰਿਨਾਰਾਇਣਚਾਰੀ ਮਿਸ਼ਰਾ ਨੇ ਕਿਹਾ ਕਿ ਜ਼ਿਲੇ ਵਿਚ ਹੁਣ ਤਕ 2 ਆਈ. ਪੀ. ਐੱਸ. ਅਧਿਕਾਰੀਆਂ ਸਮੇਤ 11 ਪੁਲਸ ਮੁਲਾਜ਼ਮ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਹਸਪਤਾਲਾਂ ਵਿਚ ਇਨ੍ਹਾਂ ਦੇ ਇਲਾਜ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੀਆਂ ਤਮਾਮ ਚੁਣੌਤੀਆਂ ਦੇ ਬਾਵਜੂਦ ਸਾਡੇ ਬਲ ਦਾ ਹੌਂਸਲਾ ਬੁਲੰਦ ਹੈ। ਡੀ. ਆਈ. ਜੀ. ਨੇ ਦੱਸਿਆ ਕਿ ਫਿਲਹਾਲ ਜ਼ਿਲੇ ਦੇ ਵੱਖ-ਵੱਖ ਥਾਵਾਂ 'ਤੇ ਕਰੀਬ 5,000 ਪੁਲਸ ਮੁਲਾਜ਼ਮ ਤਾਇਨਾਤ ਹਨ। ਉਹ ਆਮ ਲੋਕਾਂ ਨੂੰ ਕਰਫਿਊ ਦਾ ਪਾਲਣ ਕਰਾਉਣ ਸਮੇਤ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਮਿਸ਼ਰਾ ਨੇ ਦੱਸਿਆ ਕਿ ਪੁਲਸ ਨੂੰ ਮਾਸਕ, ਸੈਨੇਟਾਈਜ਼ਰ ਅਤੇ ਨਿੱਜੀ ਸੁਰੱਖਿਆ ਉਪਕਰਣਾਂ (ਪੀ. ਪੀ. ਈ.) ਦੀਆਂ ਕਿੱਟਾਂ ਉੱਚਿਤ ਗਿਣਤੀ ਵਿਚ ਮਿਲ ਰਹੀ ਹਨ।

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਜੂਨੀ ਇੰਦੌਰ ਥਾਣੇ ਦੇ ਮੁੱਖੀ 45 ਸਾਲਾ ਪੁਲਸ ਇੰਸਪੈਕਟਰ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਸਨ, ਜਿਨ੍ਹਾਂ ਦੀ ਸ਼ਨੀਵਾਰ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ ਸੀ। ਡਾਕਟਰਾਂ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਦੀ ਮੌਤ ਧਮਨੀ 'ਚ ਖੂਨ ਦਾ ਥੱਕਾ ਜੰਮਣ ਨਾਲ ਜੁੜੀ ਸਮੱਸਿਆ ਕਾਰਨ ਹੋਈ ਹੈ। ਅਧਿਕਾਰੀਆਂ ਮੁਤਾਬਕ ਪਿਛਲੇ ਇਕ ਮਹੀਨੇ ਵਿਚ ਇੰਦੌਰ ਜ਼ਿਲੇ ਵਿਚ ਕੁੱਲ 923 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਨ੍ਹਾਂ 'ਚੋਂ 52 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ। ਜਦਕਿ 72 ਮਰੀਜ਼ਾਂ ਨੂੰ ਸਿਹਤਮੰਦ ਹੋਣ ਤੋਂ ਬਾਅਦ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ।


Tanu

Content Editor

Related News