ਦਿੱਲੀ ''ਚ ਦਰਦਨਾਕ ਹਾਦਸਾ: 11 ਮਹੀਨੇ ਦੇ ਬੱਚੇ ਦੀ ਬਾਲਟੀ ''ਚ ਡੁੱਬਣ ਨਾਲ ਮੌਤ

07/04/2020 11:25:19 AM

ਨਵੀਂ ਦਿੱਲੀ— ਘਰ ਵਿਚ ਛੋਟੇ ਬੱਚੇ ਹੋਣ ਤਾਂ ਮਾਪਿਆਂ 'ਤੇ ਜ਼ਿੰਮੇਵਾਰੀ ਦੁੱਗਣੀ ਹੋ ਜਾਂਦੀ ਹੈ। ਬੱਚਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੱਚੇ ਨਾਲ ਜੁੜਿਆ ਇਕ ਬੇਹੱਦ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਘਰ ਦੇ ਅੰਦਰ 11 ਮਹੀਨੇ ਦੇ ਇਕ ਮਾਸੂਮ ਬੱਚੇ ਦੀ ਬਾਲਟੀ 'ਚ ਡੁੱਬ ਜਾਣ ਕਾਰਨ ਮੌਤ ਹੋ ਗਈ। ਇਹ ਹਾਦਸਾ ਦਿੱਲੀ ਦੇ ਮੰਡਾਵਲੀ ਇਲਾਕੇ ਦੀ ਹੈ, ਜਿੱਥੇ 11 ਮਹੀਨੇ ਦਾ ਇਕ ਮਾਸੂਮ ਬੱਚਾ ਬਾਲਟੀ 'ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਦਰਅਸਲ ਜਿਸ ਸਮੇਂ ਇਹ ਦਰਦਨਾਕ ਘਟਨਾ ਵਾਪਰੀ, ਉਸ ਸਮੇਂ ਬੱਚੇ ਦੇ ਮਾਤਾ-ਪਿਤਾ ਸੌਂ ਰਹੇ ਸਨ। ਮਾਤਾ-ਪਿਤਾ ਨੂੰ ਪਤਾ ਹੀ ਲੱਗਾ ਕਿ ਕਦੋਂ ਉਨ੍ਹਾਂ ਦਾ ਬੱਚਾ ਨੀਂਦ ਤੋਂ ਉੱਠਿਆ ਅਤੇ ਗੋਡਿਆਂ ਦੇ ਭਾਰ ਤੁਰਦਾ ਹੋਇਆ ਬਾਲਟੀ ਵਿਚ ਡਿੱਗ ਗਿਆ।

ਜਦੋਂ ਬੱਚੇ ਦੀ ਮਾਂ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਪੁੱਤਰ ਬਿਸਤਰੇ 'ਤੇ ਨਹੀਂ ਹੈ। ਜਿਸ ਤੋਂ ਬਾਅਦ ਉਹ ਘਬਰਾ ਕੇ ਉੱਠੀ ਅਤੇ ਆਲੇ-ਦੁਆਲੇ ਬੱਚੇ ਨੂੰ ਲੱੱਭਿਆ ਪਰ ਉਹ ਕਿਤੇ ਨਹੀਂ ਮਿਲਿਆ। ਇਸ ਤੋਂ ਬਾਅਦ ਮਾਂ ਦੀ ਨਜ਼ਰ ਬਾਲਟੀ 'ਤੇ ਗਈ, ਜਿੱਥੇ ਬੱਚਾ ਸਿਰ ਦੇ ਭਾਰ ਬਾਲਟੀ 'ਚ ਉਲਟਾ ਪਿਆ ਹੋਇਆ ਸੀ। 

ਇਹ ਦੇਖ ਕੇ ਮਾਂ ਦੇ ਹੋਸ਼ ਉੱਡ ਗਏ ਅਤੇ ਉਹ ਚੀਕਾਂ ਮਾਰਨ ਲੱਗੀ। ਗੁਆਂਢੀ ਇਕੱਠੇ ਹੋਏ ਗਏ ਅਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਮੰਡਾਵਲੀ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦਰਦਨਾਕ ਘਟਨਾ ਕਾਰਨ ਬੱਚੇ ਦੀ ਮਾਂ ਸਮੇਤ ਪੂਰਾ ਪਰਿਵਾਰ ਸਦਮੇ ਵਿਚ ਹੈ।


Tanu

Content Editor

Related News