ਬਿਹਾਰ-ਝਾਰਖੰਡ ’ਚ ਭਾਜਪਾ ਦੇ ਨਹਿਲੇ ’ਤੇ ਕਾਂਗਰਸ ਦਾ ਦਹਿਲਾ, ਮਜ਼ੇਦਾਰ ਹੋਈ 54 ਲੋਕ ਸਭਾ ਸੀਟਾਂ ਦੀ ਲੜਾਈ

Sunday, Mar 24, 2024 - 02:52 PM (IST)

ਬਿਹਾਰ-ਝਾਰਖੰਡ ’ਚ ਭਾਜਪਾ ਦੇ ਨਹਿਲੇ ’ਤੇ ਕਾਂਗਰਸ ਦਾ ਦਹਿਲਾ, ਮਜ਼ੇਦਾਰ ਹੋਈ 54 ਲੋਕ ਸਭਾ ਸੀਟਾਂ ਦੀ ਲੜਾਈ

ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ’ਚ ਚੱਲ ਰਹੀ ਨੇਤਾਵਾਂ ਦੀ ਦਲ ਬਦਲੀ ਵਿਚਾਲੇ ਕਾਂਗਰਸ ਨੇ ਬਿਹਾਰ ਅਤੇ ਝਾਰਖੰਡ ’ਚ ਭਾਜਪਾ ਦੇ ਸਿਆਸੀ ਹਮਲਿਆਂ ’ਤੇ ਪਲਟਵਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇੰਡੀਆ ਗੱਠਜੋੜ ਦੇ ਜਵਾਬੀ ਹਮਲਿਆਂ ਨਾਲ ਬਿਹਾਰ ਅਤੇ ਝਾਰਖੰਡ ਦੀਆਂ 54 ਸੀਟਾਂ ’ਤੇ ਐੱਨ. ਡੀ. ਏ. ਦਾ ਗਣਿਤ ਵਿਗੜ ਸਕਦਾ ਹੈ। ਪਿਛਲੀਆਂ ਚੋਣਾਂ ’ਚ ਐੱਨ. ਡੀ. ਏ. ਨੇ ਇਨ੍ਹਾਂ 2 ਸੂਬਿਆਂ ਦੀਆਂ 54 ’ਚੋਂ 51 ਸੀਟਾਂ ਜਿੱਤੀਆਂ ਸਨ, ਹਾਲਾਂਕਿ ਇਨ੍ਹਾਂ ’ਚੋਂ 38 ਸੀਟਾਂ ’ਤੇ ਭਾਜਪਾ ਨੂੰ ਜਿੱਤ ਹਾਸਲ ਹੋਈ ਸੀ।

ਝਾਰਖੰਡ ’ਚ ਭਾਜਪਾ ਵਲੋਂ ਸ਼ਿਬੂ ਸੋਰੇਨ ਦੀ ਨੂੰਹ ਅਤੇ ਜਾਮਾ ਸੀਟ ਤੋਂ ਵਿਧਾਇਕ ਸੀਤਾ ਸੋਰੇਨ ਨੂੰ ਪਾਰਟੀ ’ਚ ਸ਼ਾਮਲ ਕਰਵਾਏ ਜਾਣ ਦੇ ਅਗਲੇ ਹੀ ਦਿਨ ਕਾਂਗਰਸ ਨੇ ਵੱਡੀ ਸੰਨ੍ਹ ਮਾਰੀ ਅਤੇ ਮਾਂਡੂ ਸੀਟ ਤੋਂ ਭਾਜਪਾ ਦੇ ਵਿਧਾਇਕ ਜੇ. ਪੀ. ਪਟੇਲ ਨੂੰ ਤੋੜ ਕੇ ਕਾਂਗਰਸ ’ਚ ਸ਼ਾਮਲ ਕਰਵਾ ਲਿਆ। ਉਹ ਸ਼ਿਬੂ ਸੋਰੇਨ ਦੇ ਸਭ ਤੋਂ ਨੇੜਲੇ ਸਹਿਯੋਗੀ ਰਹੇ ਮਰਹੂਮ ਟੇਕਲਾਲ ਮਹਤੋ ਦੇ ਬੇਟੇ ਹਨ ਅਤੇ ਉਨ੍ਹਾਂ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਇਕ ਮਜ਼ਬੂਤ ਕੁਰਮੀ ਨੇਤਾ ਮਿਲ ਗਿਆ ਹੈ। ਹਜ਼ਾਰੀ ਬਾਗ, ਗਿਰਿਡੀਹ ਅਤੇ ਕੋਡਰਮਾ 3 ਲੋਕ ਸਭਾ ਸੀਟਾਂ ’ਤੇ ਸਿੱਧੇ ਤੌਰ ’ਤੇ ਦੋਵਾਂ ਪਾਰਟੀਆਂ ’ਚ ਮੁਕਾਬਲਾ ਹੋਵੇਗਾ।

ਭਾਜਪਾ ਨੂੰ ਉਮੀਦ ਸੀ ਕਿ ਸੀਤਾ ਸੋਰੇਨ ਨੂੰ ਪਾਰਟੀ ’ਚ ਸ਼ਾਮਲ ਕਰਨ ਨਾਲ ਉਸ ਨੂੰ ਸੰਥਾਲਪਰਗਨਾ ਦੇ ਇਲਾਕੇ ’ਚ ਕੁਝ ਫਾਇਦਾ ਹੋ ਸਕਦਾ ਹੈ ਪਰ ਕਾਂਗਰਸ ਨੇ ਜੇ. ਪੀ. ਪਟੇਲ ਨੂੰ ਤੋੜ ਕੇ ਹਿਸਾਬ ਬਰਾਬਰ ਕਰ ਲਿਆ, ਇਸ ਨਾਲ ਹੁਣ ਛੋਟਾਨਗਰ ਤੋਂ ਲੈ ਕੇ ਸੰਥਾਲਪਰਗਨਾ ਤੱਕ ਕਾਂਗਰਸ ਗੱਠਜੋੜ ਮਜ਼ਬੂਤੀ ਨਾਲ ਲੜਣ ਦੀ ਹਾਲਤ ’ਚ ਆ ਗਿਆ ਹੈ।

ਇਸੇ ਤਰ੍ਹਾਂ ਬਿਹਾਰ ’ਚ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਆਪਣੀ ਜਨ-ਅਧਿਕਾਰ ਪਾਰਟੀ ਦਾ ਰਲੇਵਾਂ ਕਾਂਗਰਸ ’ਚ ਕਰ ਦਿੱਤਾ। ਉਨ੍ਹਾਂ ਦੀ ਪਤਨੀ ਰੰਜੀਤਾ ਰੰਜਨ ਪਹਿਲਾਂ ਤੋਂ ਕਾਂਗਰਸ ਦੀ ਰਾਜ ਸਭਾ ਮੈਂਬਰ ਹੈ। ਪੱਪੂ ਯਾਦਵ ਦਾ ਅਸਰ ਸੀਮਾਂਚਲ ਦੇ ਇਲਾਕੇ ’ਚ ਬਹੁਤ ਜ਼ਿਆਦਾ ਹੈ। ਉਹ ਪੂਰਨੀਆ ਤੋਂ 3 ਵਾਰ ਅਤੇ ਮਧੇਪੁਰਾ ਤੋਂ 2 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਸਮਾਜਵਾਦੀ ਪਾਰਟੀ ਅਤੇ ਰਾਜਦ ਦੀ ਟਿਕਟ ਤੋਂ ਇਲਾਵਾ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਵੀ ਚੋਣ ਜਿੱਤ ਚੁੱਕੇ ਹਨ। ਪੱਪੂ ਯਾਦਵ ਦੇ ਕਾਂਗਰਸ ’ਚ ਸ਼ਾਮਲ ਹੋਣ ਨਾਲ ਇਸ ਦਾ ਅਸਰ ਪੂਰਨੀਆ, ਮਧੇਪੁਰਾ, ਸੁਪੌਲ, ਖਗੜੀਆ, ਕਟਿਹਾਰ, ਅਰਰੀਆ ਅਤੇ ਕਿਸ਼ਨਗੰਜ ਦੀਆਂ 7 ਸੀਟਾਂ ’ਤੇ ਹੋਵੇਗਾ। ਉਨ੍ਹਾਂ ਦੀ ਪਤਨੀ ਸੁਪੌਲ ਤੋਂ ਕਾਂਗਰਸ ਦੀ ਸੰਸਦ ਮੈਂਬਰ ਰਹੀ ਹੈ।

ਪਸ਼ੂਪਤੀ ਪਾਰਸ ਵੀ ਵਧਾ ਸਕਦੇ ਹਨ ਮੁਸੀਬਤਾਂ

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਪਸ਼ੂਪਤੀ ਪਾਰਸ ਨੂੰ ਐੱਨ. ਡੀ. ਏ. ’ਚ ਜਗ੍ਹਾ ਨਹੀਂ ਮਿਲੀ ਹੈ। ਇਸ ਲਈ ਉਹ ਇਕੱਲੇ ਚੋਣ ਲੜਣ ਲਈ ਤਿਆਰ ਹਨ। ਉਹ ਹਾਜੀਪੁਰ ਸੀਟ ’ਤੇ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਹੋ ਸਕਦੇ ਹਨ। ਜੇ ਉਨ੍ਹਾਂ ਨੇ 5 ਸੀਟਾਂ ’ਤੇ ਚਿਰਾਗ ਪਾਸਵਾਨ ਨੂੰ ਨੁਕਸਾਨ ਪਹੁੰਚਾਉਣ ਲਈ ਉਮੀਦਵਾਰ ਉਤਾਰੇ ਤਾਂ ਐੱਨ. ਡੀ. ਏ. ਨੂੰ ਨੁਕਸਾਨ ਹੋਵੇਗਾ। ਇਸੇ ਤਰ੍ਹਾਂ ਹੀ ਗੱਠਜੋੜ ’ਚ ਜ਼ਿਆਦਾ ਪਾਰਟੀਆਂ ਹੋਣ ਨਾਲ ਐੱਨ. ਡੀ. ਏ. ’ਚ ਸੀਟਾਂ ਦੀ ਵੰਡ ਉਲਝੀ ਹੋਈ ਹੈ, ਇਸ ਦਾ ਨੁਕਸਾਨ ਵੀ ਐੱਨ. ਡੀ. ਏ. ਨੂੰ ਹੋ ਸਕਦਾ ਹੈ। ਦੂਜੇ ਪਾਸੇ ਮੁਕੇਸ਼ ਸਾਹਨੀ ਦੇ ਮਹਾਗੱਠਜੋੜ ਦੇ ਨਾਲ ਜਾਣ ਨਾਲ ਮਹਾਗੱਠਜੋੜ ਨੂੰ ਮਜ਼ਬੂਤੀ ਮਿਲ ਸਕਦੀ ਹੈ।

ਹੇਮਲਾਲ ਮੁਰਮੂ ਵਰਗਾ ਨਾ ਹੋਵੇ ਸੀਤਾ ਸੋਰੇਨ ਦਾ ਹਾਲ

ਭਾਜਪਾ ਵਲੋਂ ਝਾਰਖੰਡ ’ਚ ਪਾਰਟੀ ’ਚ ਸ਼ਾਮਲ ਕਰਵਾਈ ਗਈ ਝਾਰਖੰਡ ਮੁਕਤੀ ਮੋਰਚਾ ਦੇ ਸੰਸਥਾਪਕ ਸ਼ਿਬੂ ਸੋਰੇਨ ਦੀ ਨੂੰਹ ਸੀਤਾ ਸੋਰੇਨ ’ਤੇ 2012 ਦੀ ਰਾਜ ਸਭਾ ਚੋਣ ਦੌਰਾਨ ਵੋਟ ਲਈ ਰਿਸ਼ਵਤ ਮੰਗਣ ਦਾ ਦੋਸ਼ ਲੱਗਾ ਸੀ। ਹਾਲ ਹੀ ’ਚ ਸੁਪਰੀਮ ਕੋਰਟ ਨੇ ਇਸ ਤਰ੍ਹਾਂ ਦੇ ਇਕ ਮਾਮਲੇ ’ਚ ਨਵੀਂ ਪਰਿਭਾਸ਼ਾ ਦਿੰਦੇ ਹੋਏ ਕਿਹਾ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਸਦਨ ਦੇ ਅੰਦਰ ਰਿਸ਼ਵਤ ਲੈਣ ਦਾ ਵਿਸ਼ੇਸ਼ ਅਧਿਕਾਰ ਹਾਸਲ ਨਹੀਂ ਹੈ।

ਸੁਪਰੀਮ ਕੋਰਟ ਦੀ ਇਸ ਜਜਮੈਂਟ ਤੋਂ ਬਾਅਦ ਸੀਤਾ ਸੋਰੇਨ ਵਿਰੁੱਧ 2012 ਦੇ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦਾ ਰਾਹ ਖੁੱਲ੍ਹ ਸਕਦਾ ਸੀ ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ 2 ਹਫਤਿਆਂ ਬਾਅਦ ਹੀ ਉਨ੍ਹਾਂ ਨੇ ਭਾਜਪਾ ਜੁਆਇਨ ਕਰ ਲਈ। ਭਾਜਪਾ ਨੂੰ ਲੱਗਦਾ ਹੈ ਕਿ ਸੀਤਾ ਸੋਰੇਨ ਦੇ ਰਾਹੀਂ ਉਹ ਜੇ. ਐੱਮ. ਐੱਮ. ਨੂੰ ਕਮਜ਼ੋਰ ਕਰ ਦੇਵੇਗੀ ਜਾਂ ਸੰਥਾਲਪਰਗਨਾ ਦੇ ਇਲਾਕੇ ’ਚ ਉਨ੍ਹਾਂ ਫਾਇਦਾ ਹੋਵੇਗਾ ਪਰ ਅਤੀਤ ’ਚ ਉਸ ਨੇ ਅਜਿਹਾ ਹੀ ਪ੍ਰਯੋਗ ਸ਼ਿਬੂ ਸੋਰੇਨ ਦੇ ਸਭ ਤੋਂ ਨੇੜਲੇ ਨੇਤਾ ਹੇਮਲਾਲ ਮੁਰਮੂ ਨੂੰ ਭਾਜਪਾ ’ਚ ਸ਼ਾਮਲ ਕਰਵਾ ਕੇ ਕੀਤਾ ਸੀ ਅਤੇ ਉਹ ਇਕ ਤੋਂ ਬਾਅਦ ਇਕ 3 ਵਾਰ ਚੋਣ ਲੜੇ ਪਰ ਹਰ ਵਾਰ ਹਾਰ ਗਏ। ਹਾਰ ਕੇ ਉਹ ਵਾਪਸ ਜੇ. ਐੱਮ. ਐੱਮ. ’ਚ ਚਲੇ ਗਏ।

ਸਿਆਸੀ ਗਲਿਆਰਿਆਂ ’ਚ ਚਰਚਾ ਹੈ ਕਿ ਭਾਜਪਾ ਸੀਤਾ ਸੋਰੇਨ ਨੂੰ ਦੁਮਕਾ ਸੀਟ ਤੋਂ ਚੋਣ ਲੜਵਾ ਸਕਦੀ ਹੈ। ਹਾਲਾਂਕਿ ਇਸ ਸੀਟ ਤੋਂ ਭਾਜਪਾ ਨੇ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਸੁਨੀਲ ਸੋਰੇਨ ਨੂੰ ਮੁੜ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਉਨ੍ਹਾਂ ਨੂੰ ਬਦਲੇ ਜਾਣ ਦੀ ਚਰਚਾ ਹੈ।

ਦੂਜੇ ਪਾਸੇ ਇਹ ਕਿਹਾ ਜਾ ਰਿਹਾ ਹੈ ਕਿ ਜੇਲ ’ਚ ਬੰਦ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਖੁਦ ਦੁਮਕਾ ਸੀਟ ਤੋਂ ਚੋਣ ਲੜ ਸਕਦੇ ਹਨ। ਸੀਤਾ ਸੋਰੇਨ 3 ਵਾਰ ਜੇ. ਐੱਮ. ਐੱਮ. ਤੋਂ ਵਿਧਾਇਕ ਬਣ ਰਹੀ ਸੀ ਅਤੇ ਜਦ ਹੇਮਤ ਸੋਰੇਨ ਨੇ ਅਸਤੀਫਾ ਦਿੱਤਾ ਸੀ, ਉਦੋਂ ਸੀਤਾ ਸੋਰੇਨ ਦੇ ਸਭ ਤੋਂ ਵੱਧ ਵਿਰੋਧ ਦੇ ਕਾਰਨ ਹੇਮੰਤ ਦੀ ਪਤਨੀ ਕਲਪਨਾ ਸੋਰੇਨ ਸੀ. ਐੱਮ. ਨਹੀਂ ਬਣ ਸਕੀ ਸੀ। ਸੀਤਾ ਸੋਰੇਨ ਦੇ ਪਾਰਟੀ ਛੱਡਣ ਨਾਲ ਕਲਪਨਾ ਦੀ ਰਾਹ ਸੌਖੀ ਹੋਵੇਗੀ।


author

Harinder Kaur

Content Editor

Related News