ਜਿਸ ਪਿੰਡ ''ਚ ਟਾਇਲਟ ਨਹੀਂ, ਉਥੇ ਨਹੀਂ ਵਿਆਹੁਣਗੇ ਧੀਆਂ

Monday, Oct 23, 2017 - 04:00 AM (IST)

ਜਿਸ ਪਿੰਡ ''ਚ ਟਾਇਲਟ ਨਹੀਂ, ਉਥੇ ਨਹੀਂ ਵਿਆਹੁਣਗੇ ਧੀਆਂ

ਬਾਗਪਤ — ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ ਦੇ ਬਿਜਵਾੜਾ ਪਿੰਡ ਦੀ ਪੰਚਾਇਤ ਨੇ 'ਜਿਸ ਪਿੰਡ 'ਚ ਟਾਇਲਟ ਨਹੀਂ, ਉਥੇ ਧੀਆਂ ਦਾ ਵਿਆਹ ਨਾ ਕਰਨ' ਦਾ ਇਤਿਹਾਸਕ ਫੈਸਲਾ ਕੀਤਾ ਹੈ। ਬਿਜਵਾੜਾ ਦੇ ਸਰਪੰਚ ਅਰਵਿੰਦ ਨੇ ਪੰਚਾਇਤ ਦੇ ਫੈਸਲੇ ਦੀ ਜਾਣਕਾਰੀ ਦਿੰਦਿਆਂ ਅੱਜ ਕਿਹਾ, ''ਟਾਇਲਟ ਔਰਤਾਂ ਦੀ ਸਭ ਤੋਂ ਵੱਡੀ ਲੋੜ ਹੈ ਜੇਕਰ ਕਿਤੇ ਟਾਇਲਟ ਨਹੀਂ ਤਾਂ ਔਰਤਾਂ ਨੂੰ ਹਨੇਰਾ ਹੋਣ ਦੀ ਉਡੀਕ ਕਰਨੀ ਪੈਂਦੀ ਹੈ। ਖੁੱਲ੍ਹੇ 'ਚ ਜੰਗਲ ਪਾਣੀ ਜਾਣਾ ਕਈ ਵਾਰ ਉਨ੍ਹਾਂ ਦੀ ਜਾਨ ਵੀ ਲੈ ਲੈਂਦਾ ਹੈ।'' ਉਨ੍ਹਾਂ ਕਿਹਾ, ''ਆਏ ਦਿਨ ਵਾਪਰ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਕਲ ਪਿੰਡ ਵਾਲਿਆਂ ਨੇ ਪੰਚਾਇਤ ਸੱਦੀ ਜਿਸ 'ਚ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਜਿਸ ਪਿੰਡ 'ਚ ਟਾਇਲਟ ਨਹੀਂ, ਉਥੇ ਧੀਆਂ ਦੇ ਵਿਆਹ ਨਹੀਂ ਕਰਨਗੇ ਅਤੇ ਉਥੋਂ ਦੀਆਂ ਧੀਆਂ ਦਾ ਵਿਆਹ ਵੀ ਆਪਣੇ ਪਿੰਡ 'ਚ ਨਹੀਂ ਕਰਨਗੇ। ਨਿਯਮ ਵਿਰੁੱਧ ਜਾਣ ਵਾਲਿਆਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।''
ਅਰਵਿੰਦ ਨੇ ਕਿਹਾ ਕਿ ਸਮਾਜ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਉਹ ਆਪਣੀਆਂ ਨੂੰਹਾਂ-ਧੀਆਂ ਨੂੰ ਟਾਇਲਟ ਜ਼ਰੂਰ ਬਣਾ ਕੇ ਦੇਣ। ਜੇਕਰ ਕਿਸੇ ਕੋਲ ਆਰਥਿਕ ਤੰਗੀ ਹੈ ਤਾਂ ਸਰਕਾਰੀ ਪੱਧਰ 'ਤੇ ਮਦਦ ਹਾਸਲ ਕਰ ਕੇ ਟਾਇਲਟ ਬਣਾ ਸਕਦਾ ਹੈ।


Related News