86 ਸਕਿੰਟਾਂ ’ਚ ਅਭਿਨੰਦਨ ਨੇ ਤਬਾਹ ਕੀਤਾ ਸੀ ਐੱਫ-16

Sunday, Mar 03, 2019 - 03:16 AM (IST)

86 ਸਕਿੰਟਾਂ ’ਚ ਅਭਿਨੰਦਨ ਨੇ ਤਬਾਹ ਕੀਤਾ ਸੀ ਐੱਫ-16

ਨਵੀਂ ਦਿੱਲੀ - ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਸਿਰਫ 86 ਸਕਿੰਟਾਂ ਵਿਚ ਪਾਕਿਸਤਾਨੀ ਹਵਾਈ ਫੌਜ ਦੇ ਐੱਫ-16 ਜਹਾਜ਼ ਨੂੰ ਤਬਾਹ ਕਰ ਦਿੱਤਾ ਸੀ। ਬਾਵਜੂਦ ਇਸ ਦੇ ਕਿ ਮਿੱਗ-21 ਦੇ ਮੁਕਾਬਲੇ ਐੱਫ-16 ਲੜਾਕੂ ਜਹਾਜ਼ ਕਿਤੇ ਜ਼ਿਆਦਾ ਤਾਕਤਵਰ ਅਤੇ ਆਧੁਨਿਕ ਹੈ। ਅਭਿਨੰਦਨ ਬੁੱਧਵਾਰ ਸਵੇਰੇ ਆਪਣੇ ਮਿੱਗ-21 ਫਾਈਟਰ ਜੈੱਟ ਵਿਚ 15000 ਫੁੱਟ ਦੀ ਉਚਾਈ ’ਤੇ ਸਨ ਜਦੋਂ ਉਨ੍ਹਾਂ ਨੇ ਐੱਫ-16 ਜਹਾਜ਼ ਨੂੰ ਦੇਖਿਆ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਜਹਾਜ਼ ਉਦੋਂ 8000 ਫੁੱਟ ਦੀ ਉਚਾਈ ’ਤੇ ਨੌਸ਼ਹਿਰਾ ਸੈਕਟਰ ਵਿਚ ਦਾਖਲ ਹੋ ਚੁੱਕਾ ਸੀ। ਇਸ ਦੇ ਨਾਲ ਹੀ 86 ਸਕਿੰਟਾਂ ਦਾ ਉਹ ਨਜ਼ਦੀਕੀ ਮੁਕਾਬਲਾ ਸ਼ੁਰੂ ਹੋਇਆ ਜਿਸ ਨੂੰ ਡੌਗ ਫਾਈਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਪਿੱਛਾ ਕਰਨ ਦੀ ਰਫਤਾਰ ਉਸ ਸਮੇਂ ਹਵਾ ਵਿਚ ਹਰ 4 ਸਕਿੰਟ ਵਿਚ ਇਕ ਕਿਲੋਮੀਟਰ ਅਤੇ ਇਕ ਘੰਟੇ ਵਿਚ 900 ਕਿਲੋਮੀਟਰ ਸੀ। ਇਹ ਅੱਗੇ-ਪਿੱਛੇ ਚੱਲਣ ਦੀ ਖੇਡ 2600 ਫੁੱਟ ਦੀ ਉਚਾਈ ਛੂਹ ਗਈ। ਉਪਰ-ਹੇਠਾਂ ਜਾਂਦੇ ਦੋਵੇਂ ਪਾਇਲਟ ਇਕ-ਦੂਜੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਲੜ ਰਹੇ ਸਨ।
ਅਭਿਨੰਦਨ ਨੇ ਕਿਹਾ ਇਹ ਮੇਰਾ ਸ਼ਿਕਾਰ ਹੈ
ਐੱਫ-16 ਦੇਖਦੇ ਹੀ ਅਭਿਨੰਦਨ ਨੇ ਕਿਹਾ, ‘ਇਸ ਨੂੰ ਮੈਂ ਤਬਾਹ ਕਰ ਦਿਆਂਗਾ, ਇਹ ਮੇਰਾ ਸ਼ਿਕਾਰ ਹੈ।’’ ਉਨ੍ਹਾਂ ਨੇ ਇਹ ਸੰਦੇਸ਼ ਭਾਰਤੀ ਅਸਮਾਨ ਦੀ ਨਿਗਰਾਨੀ ਕਰ ਰਹੇ ਆਪਣੇ ਸਾਥੀਆਂ ਨੂੰ ਸਕਿਓਰ ਰੇਡੀਓ ਰਾਹੀਂ ਭੇਜਿਆ।
ਭਾਰਤ ਨੇ ਇਸ ਲਈ ਮਿੱਗ-21 ਨੂੰ ਚੁਣਿਆ
ਮਿੱਗ-21 ਤੇ ਐੱਫ-16 ਵੱਖ-ਵੱਖ ਪੀੜ੍ਹੀਆਂ ਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਐੱਫ-16 ਨਿਰਸੰਦੇਸ਼ ਗਤੀਸ਼ੀਲਤਾ ਅਤੇ ਹਥਿਆਰ ਨਾਲ ਟੀਚਾ ਪ੍ਰਾਪਤ ਕਰਨ ਦੇ ਸੰਦਰਭ ਵਿਚ ਬਹੁਤ ਹੀ ਬੇਹਤਰ ਹੈ ਪਰ ਮਿੱਗ-21 ਦੀ ਆਪਣੀ ਖਾਸੀਅਤ ਹੈ। ਮਿੱਗ-21 ਸਪੱਸ਼ਟ ਤੌਰ ’ਤੇ ਭਾਰਤੀ ਹਵਾਈ ਫੌਜ ਦੀ ਪਸੰਦ ਹੈ। ਅਜਿਹਾ ਇਸ ਦੇ ਗਸ਼ਤ ਲਈ ਰਫਤਾਰ ਦੀ ਵਜ੍ਹਾ ਨਾਲ ਹੈ ਜਿਸ ਦਾ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਹਰ ਸਮੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਮਿੱਗ-21 ਹੋਰ ਦੂਸਰੇ ਸਾਰੇ ਲੜਾਕੂ ਜਹਾਜ਼ਾਂ ਦੀ ਤੁਲਨਾ ਵਿਚ ਹਵਾਈ ਯਾਤਰਾ ਕਰਨ ਲਈ ਸਭ ਤੋਂ ਘੱਟ ਸਮਾਂ ਲੈਂਦਾ ਹੈ। ਇਹ ਸਿਰਫ 2 ਮਿੰਟਾਂ ਵਿਚ ਲਾਂਚ ਕੀਤਾ ਜਾ ਸਕਦਾ ਹੈ।
2,230- ਕਿਲੋਮੀਟਰ ਪ੍ਰਤੀ ਘੰਟਾ ਰਫਤਾਰ
5,846- ਕਿਲੋ ਭਾਰ

ਆਰ-73 ਮਿਜ਼ਾਈਲ ਨਾਲ ਐੱਫ-16 ਨੂੰ ਸੁੱਟਿਆ
ਅਭਿਨੰਦਨ ਨੇ ਹਵਾ ਵਿਚ ਤਬਾਹੀ ਮਚਾਉਣ ਵਾਲੀ ਆਰ-73 ਮਿਜ਼ਾਈਲ ਦਾਗ਼ ਕੇ ਪਾਕਿਸਤਾਨ ਦੇ ਐੱਫ-16 ਨੂੰ ਨਸ਼ਟ ਕਰ ਦਿੱਤਾ ਜਦ ਕਿ 60 ਡਿਗਰੀ ਦੇ ਮਾਰਕ ਐਂਗਲ ਨਾਲ ਇਸ ਭੇੜ ਦਾ ਲਾਭ ਉਠਾ ਕੇ ਦੂਸਰੇ ਪਾਕਿਸਤਾਨੀ ਜਹਾਜ਼ ਨੇ ਅਭਿਨੰਦਨ ਦੇ ਮਿੱਗ-2 ’ਤੇ ਫਾਇਰ ਕੀਤਾ। ਅਭਿਨੰਦਨ ਨੂੰ ਪਤਾ ਲੱਗ ਗਿਆ ਕਿ ਉਸ ਦਾ ਜਹਾਜ਼ ਬਚੇਗਾ ਨਹੀਂ। ਉਹ ਪੈਰਾਸ਼ੂਟ ਦੇ ਸਹਾਰੇ ਫੁਰਤੀ ਨਾਲ ਨਿਕਲਿਆ। ਹਵਾ ਦਾ ਵਹਾਅ ਉਸ ਨੂੰ ਲਗਭਗ 7 ਕਿਲੋਮੀਟਰ ਪਾਕਿਸਤਾਨੀ ਹੱਦ ਦੇ ਅੰਦਰ ਲੈ ਆਇਆ। ਇਸ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਪਾਕਿਸਤਾਨ ਦੇ ਸਥਾਨਕ ਲੋਕਾਂ ਅਤੇ ਬਾਅਦ ਵਿਚ ਫੌਜ ਦੀ ਪਕੜ ਵਿਚ ਆ ਗਿਆ।
ਐੱਫ-16 ਦੀ ਖਾਸੀਅਤ
>>    ਚੌਥੀ ਜੈਨਰੇਸ਼ਨ ਦਾ ਸਭ ਤੋਂ ਆਧੁਨਿਕ ਲੜਾਕੂ ਜਹਾਜ਼
>>     ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਨਾਲ ਲੈਸ
>>     ਅਮਰੀਕਾ ’ਚ ਬਣੇ ਇਸ ਜਹਾਜ਼ ’ਚ ਰਾਡਾਰ ਆਨ ਬੋਰਡ ਵੀ ਹੁੰਦਾ ਹੈ
>>     ਇਕ ਇੰਜਣ ਵਾਲਾ ਸੁਪਰ ਸੋਨਿਕ ਮਲਟੀਰੋਲ ਜਹਾਜ਼
>>     ਐਡਵਾਂਸ ਸਕ੍ਰਾਈਪਰ ਟਾਰਗੇਨਿੰਗ ਪੈਡ ਨਾਲ ਲੈਸ
>>     ਕਿਸੇ ਵੀ ਮੌਸਮ ’ਚ ਕੰਮ ਕਰਨ ਦੀ ਸਮਰੱਥਾ
    ਮਿੱਗ-21 ਬਾਈਸਨ ਦੀਆਂ ਵਿਸ਼ੇਸ਼ਤਾਵਾਂ
>>    ਮਾਰਕ ਸਮਰੱਥਾ 1470 ਕਿਲੋਮੀਟਰ
>>    ਸੋਵੀਅਤ ਰੂਸ ਦਾ ਬਣਾਇਆ ਹੋਇਆ ਲੜਾਕੂ ਜਹਾਜ਼
>>    ਸਾਲ 1972 ਵਿਚ ਪਹਿਲੀ ਵਾਰ ਸੇਵਾ ’ਚ ਆਇਆ
>>    ਵੱਡੀ ਗਿਣਤੀ ’ਚ ਇਕੱਠਾ ਗੋਲਾ-ਬਾਰੂਦ ਨਾਲ ਲਿਜਾ ਸਕਣ ਦੀ ਸਮਰੱਥਾ
>>    ਹਵਾ ਤੋਂ ਹਵਾ ’ਚ ਮਿਜ਼ਾਈਲਾਂ ਨੂੰ ਤਬਾਹ ਕਰਨ ਦੀ ਸਮਰੱਥਾ
>>    ਕੈਮੀਕਲ ਅਤੇ ਕਲਸਟਰ ਬੰਬ ਲਿਜਾਣ ਦੀ ਸਮਰੱਥਾ
 


author

KamalJeet Singh

Content Editor

Related News