ਦਿੱਲੀ ਏਅਰਪੋਰਟ ਆ ਰਹੇ ਪ੍ਰਵਾਸੀਆਂ ਲਈ ਅਹਿਮ ਖਬਰ
Friday, Dec 20, 2019 - 09:58 PM (IST)

ਨਵੀਂ ਦਿੱਲੀ — ਸੀ.ਏ.ਏ. ਤੇ ਐਨ.ਆਰ.ਸੀ. ਦੇ ਵਿਰੋਧ 'ਚ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਰੋਸ ਪ੍ਰਦਰਸ਼ਨਾਂ ਤੋਂ ਦੇਸ਼ ਦੀ ਰਾਜਧਾਨੀ ਵੀ ਅਛੁਤੀ ਨਹੀਂ ਹੈ। ਇਹ ਖਬਰ ਖਾਸ ਕਰਕੇ ਉਨਾਂ ਲੋਕਾਂ ਲਈ ਹੈ ਜੋ ਲਗਾਤਾਰ ਦਿੱਲੀ ਦੇ ਹਾਲਾਤਾਂ 'ਤੇ ਨਜ਼ਰ ਬਣਾਏ ਹੋਏ ਹਨ ਤੇ ਦੇਸ਼ ਤੋਂ ਬਾਹਰ ਰਹਿੰਦੇ ਹਨ। ਲੋਕਾਂ ਦੇ ਸਾਨੂੰ ਲਗਾਤਾਰ ਮੈਸੇਜ ਮਿਲ ਰਹੇ ਨੇ ਕਿ ਦੱਸਿਆ ਜਾਵੇ ਦਿੱਲੀ ਦਾ ਕੀ ਹਾਲ ਹੈ, ਕੀ ਕੌਮਾਂਤਰੀ ਹਵਾਈ ਅੱਡੇ ਤੋਂ ਫਲਾਈਟਸ ਓਪਰੇਟ ਹੋ ਰਹੀਆਂ ਹਨ ਜਾਂ ਨਹੀਂ..? ਤਾਂ ਤੁਹਾਨੂੰ ਵੱਡੀ ਰਾਹਤ ਦੀ ਖਬਰ ਦੇ ਰਹੇ ਹਾਂ ਕਿ ਦਿੱਲੀ ਹਵਾਈ ਅੱਡੇ 'ਤੇ ਲਗਾਤਾਰ ਵਿਦੇਸ਼ਾਂ ਤੋਂ ਫਲਾਈਟਸ ਆ ਰਹੀਆਂ ਹਨ। ਕਿਸੇ ਕਾਰਨ-ਵਸ਼ ਫਲਾਈਟ ਲੇਟ ਜ਼ਰੂਰ ਹੋ ਸਕਦੀ ਹੈ ਪਰ ਕੈਂਸਲ ਨਹੀਂ ਕੀਤੀ ਜਾ ਰਹੀ। ਰੋਸ ਪ੍ਰਦਰਸ਼ਨਾਂ ਨਾਲ ਇੰਟਰਨੈਸ਼ਨਲ ਫਲਾਇਟਸ 'ਤੇ ਕੋਈ ਅਸਰ ਨਹੀਂ ਹੈ। ਜੇਕਰ ਕੋਈ ਵਿਅਕਤੀ ਵਿਦੇਸ਼ ਤੋਂ ਭਾਰਤ ਆ ਰਿਹਾ ਹੈ ਤਾਂ ਉਹ ਆਮ ਵਾਂਗ ਆ ਸਕਦਾ ਹੈ। ਪਰ ਹਾਂ ਉਨਾਂ ਨੂੰ ਦਿੱਲੀ ਦੀ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜ਼ਰੂਰ ਦੋ-ਚਾਰ ਹੋਣਾ ਪੈ ਸਕਦਾ ਹੈ। ਉਧਰ ਦੂਜੇ ਪਾਸੇ ਜੇਕਰ ਡੋਮੈਸਟਿਕ ਫਲਾਈਟਸ ਦੀ ਗੱਲ ਕੀਤੀ ਜਾਵੇ ਤਾਂ 19 ਦਸੰਬਰ ਨੂੰ ਦੋ ਦਰਜਨ ਤੋਂ ਵੱਧ ਫਲਾਈਟਸ ਕੈਂਸਲ ਹੋਈਆਂ, ਜਿਸਦੀ ਗਿਣਤੀ 20 ਦਸੰਬਰ ਨੂੰ ਘੱਟ ਕੇ 8 ਰਹੀ। ਇਸ ਦਾ ਕਾਰਨ ਦਿੱਲੀ 'ਚ ਹੋ ਰਹੇ ਪ੍ਰਦਰਸ਼ਨ ਤੇ ਚੱਕਾ ਜਾਮ ਰਿਹਾ।