IMF ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾਇਆ

Tuesday, Jan 21, 2020 - 01:49 AM (IST)

IMF ਨੇ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘਟਾਇਆ

ਵਾਸ਼ਿੰਗਟਨ/ਨਵੀਂ ਦਿੱਲੀ - ਅੰਤਰਰਾਸ਼ਟਰੀ ਮੁਦਰਾ ਫੰਡ ਭਾਵ ਆਈ. ਐਮ. ਐਫ. ਨੇ ਸਾਲ 2019 ਲਈ ਭਾਰਤ ਦੀ ਆਰਥਿਕ ਵਾਧੇ ਦੀ ਦਰ ਦੇ ਅਨੁਮਾਨ ਨੂੰ ਘੱਟ ਕਰਕੇ 4.8 ਫੀਸਦੀ ਕਰ ਦਿੱਤਾ ਹੈ। ਆਈ. ਐਮ. ਐਫ. ਨੇ ਇਹ ਅਨੁਮਾਨ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਵਿਚ ਦਬਾਅ ਦੇ ਨਾਲ ਪੇਂਡੂ ਭਾਰਤ ਵਿਚ ਤਨਖਾਹ ਦਾ ਵਾਧਾ ਕਮਜ਼ੋਰ ਹੋਣ ਦਾ ਹਵਾਲਾ ਦਿੰਦੇ ਹੋਏ ਘੱਟ ਕੀਤਾ ਹੈ। ਆਈ. ਐਮ. ਐਫ. ਨੇ ਦਾਵੋਸ ਵਿਚ ਗਲੋਬਲ ਆਰਥਿਕ ਮੰਚ ਦਾ ਸਾਲਾਨਾ ਸ਼ਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ ਗਲੋਬਲ ਅਰਥ ਵਿਵਸਥਾ ਦੀ ਸਥਿਤੀ ਦੇ ਬਾਰੇ ਵਿਚ ਜਾਣਕਾਰੀ ਦਿੱਤੀ ਹੈ।

PunjabKesari

ਆਈ. ਐਮ. ਐਫ. ਦਾ ਮੰਨਣਾ ਹੈ ਕਿ ਸਾਲ 2019 ਵਿਚ ਭਾਰਤ ਦੀ ਆਰਿਥਕ ਵਾਧਾ ਦਰ 4.8 ਫੀਸਦੀ, ਸਾਲ 2020 ਵਿਚ 5.8 ਫੀਸਦੀ ਅਤੇ ਉਸ ਤੋਂ ਬਾਅਦ ਭਾਵ ਸਾਲ 2021 ਵਿਚ 6.5 ਫੀਸਦੀ ਰਹਿ ਸਕਦੀ ਹੈ। ਅਖਬਾਰ ਏਜੰਸੀ ਪੀ. ਟੀ. ਆਈ. ਮੁਤਾਬਕ, ਆਈ. ਐਮ. ਐਫ. ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਆਖਿਆ ਹੈ ਕਿ ਮੋਟੇ ਤੌਰ 'ਤੇ ਗੈਰ-ਬੈਂਕਿੰਗ ਵਿੱਤੀ ਖੇਤਰ ਵਿਚ ਨਰਮੀ ਅਤੇ ਪੇਂਡੂ ਖੇਤਰਾਂ ਵਿਚ ਤਨਖਾਹ ਵਿਚ ਕਮਜ਼ੋਰ ਵਾਧੇ ਕਾਰਨ ਭਾਰਤ ਦੀ ਆਰਥਿਕ ਵਾਧਾ ਦਰ ਦਾ ਅਨੁਮਾਨ ਘੱਟ ਕੀਤਾ ਗਿਆ ਹੈ। ਦੂਜੇ ਪਾਸੇ ਚੀਨ ਦੀ ਆਰਥਿਕ ਵਾਧਾ ਦਰ ਸਾਲ 2020 ਵਿਚ 0.2 ਫੀਸਦੀ ਵਧ ਕੇ 6 ਫੀਸਦੀ ਰਹਿਣ ਦਾ ਅਨੁਮਾਨ ਹੈ। ਆਈ. ਐਮ. ਐਫ. ਨੇ ਆਖਿਆ ਕਿ ਭਾਰਤ ਵਿਚ ਘਰੇਲੂ ਮੰਗ ਉਮੀਦ ਦੇ ਉਲਟ ਤੇਜ਼ੀ ਨਾਲ ਘੱਟ ਹੋਈ ਹੈ। ਆਈ. ਐਮ. ਐਫ. ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੇ ਇਹ ਵੀ ਆਖਿਆ ਕਿ ਸਾਲ 2020 ਵਿਚ ਗਲੋਬਲ ਵਾਧੇ ਵਿਚ ਤੇਜ਼ੀ ਅਜੇ ਅਨਿਸ਼ਚਤ ਹੈ। ਉਨ੍ਹਾਂ ਨੇ ਇਸ ਦਾ ਕਾਰਨ ਇਹ ਦੱਸਿਆ ਹੈ ਕਿ ਬ੍ਰਾਜ਼ੀਲ, ਭਾਰਤ ਅਤੇ ਮੈਕਸੀਕੋ ਜਿਹੇ ਦੇਸ਼ ਸਮਰੱਥਾ ਦੇ ਅਨੁਰੂਪ ਪ੍ਰਦਰਸ਼ਨ ਨਹੀਂ ਕਰ ਰਹੇ ਹਨ।


author

Khushdeep Jassi

Content Editor

Related News