ਮਣੀਪੁਰ ’ਚ 53 ਏਕੜ ’ਚ ਫੈਲੀ ਗੈਰ-ਕਾਨੂੰਨੀ ਅਫੀਮ ਦੀ ਫਸਲ ਨਸ਼ਟ
Thursday, Nov 20, 2025 - 08:51 PM (IST)
ਇੰਫਾਲ, (ਭਾਸ਼ਾ)- ਮਣੀਪੁਰ ਦੇ ਕਾਂਗਪੋਕਪੀ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਲੱਗਭਗ 53 ਏਕੜ ਦੇ ਖੇਤਰ ਵਿਚ ਫੈਲੀ ਗੈਰ-ਕਾਨੂੰਨੀ ਅਫੀਮ ਦੀ ਫਸਲ ਨੂੰ ਨਸ਼ਟ ਕਰ ਦਿੱਤਾ ਹੈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਬੁੱਧਵਾਰ ਨੂੰ ਜ਼ਿਲੇ ਦੇ ਕੁਬਰੂ ਰਿਜ਼ਰਵ ਫਾਰੈਸਟ ਰੇਂਜ ਦੇ ਤਹਿਤ ਫਾਈਲੇਂਗਕੋਟ/ਮਾਖਨ ਪਹਾੜੀ ਖੇਤਰਾਂ ਵਿਚ 6 ਥਾਵਾਂ ’ਤੇ ਸੁਰੱਖਿਆ ਫੋਰਸਾਂ ਅਤੇ ਕਾਂਗਪੋਕਪੀ ਫਾਰੈਸਟ ਡਿਵੀਜ਼ਨ ਦੀ ਇਕ ਸਾਂਝੀ ਟੀਮ ਵੱਲੋਂ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਅਫੀਮ ਕਿਸਾਨਾਂ ਦੀਆਂ 7 ਝੌਂਪੜੀਆਂ ਵੀ ਨਸ਼ਟ ਕਰ ਦਿੱਤੀਆਂ ਗਈਆਂ। ਰਾਜਭਵਨ ਵਿਚ ਆਯੋਜਿਤ ‘ਨਾਰਕੋ ਕੋ-ਆਰਡੀਨੇਸ਼ਨ ਸੈਂਟਰ’ (ਐੱਨ. ਸੀ. ਓ. ਆਰ. ਡੀ.) ਦੀ 10ਵੀਂ ਰਾਜ-ਪੱਧਰੀ ਮੀਟਿੰਗ ਵਿਚ ਰਾਜਪਾਲ ਅਜੇ ਕੁਮਾਰ ਭੱਲਾ ਨੇ ਹਾਲ ਹੀ ਵਿਚ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ, ਗੈਰ-ਕਾਨੂੰਨੀ ਅਫੀਮ ਅਤੇ ਭੰਗ ਦੀ ਖੇਤੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ’ਤੇ ਚਿੰਤਾ ਪ੍ਰਗਟ ਕੀਤੀ ਸੀ।
ਭੱਲਾ ਨੇ ਸੂਬੇ ਦੀਆਂ ਸੁਰੱਖਿਆ ਏਜੰਸੀਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਨੈੱਟਵਰਕਾਂ ਨੂੰ ਖਤਮ ਕਰਨ, ਸਰਹੱਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਅਤੇ ਸੰਵੇਦਨਸ਼ੀਲ ਜ਼ਿਲਿਆਂ ਅਤੇ ਟ੍ਰਾਂਜ਼ਿਟ ਮਾਰਗਾਂ ’ਤੇ ਖੁਫੀਆ ਜਾਣਕਾਰੀ ਆਧਾਰਿਤ ਕਾਰਵਾਈਆਂ ਨੂੰ ਤੇਜ਼ ਕਰਨ।
