IIT ਖੜਗਪੁਰ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਲਈ ਬਣਾਈ ਖਾਸ ਐਪ, ਇਸ ਕੰਮ ''ਚ ਕਰੇਗੀ ਮਦਦ
Wednesday, Jul 24, 2019 - 04:35 PM (IST)

ਕੋਲਕਾਤਾ (ਭਾਸ਼ਾ)— ਆਈ. ਆਈ. ਟੀ. ਖੜਗਪੁਰ ਦੇ ਵਿਦਿਆਰਥੀਆਂ ਨੇ ਬਜ਼ੁਰਗਾਂ ਦੀ ਦੇਖਭਾਲ ਲਈ ਇਕ ਖਾਸ ਐਪ ਬਣਾਇਆ ਹੈ। ਇਹ ਐਪ ਕਿਸੇ ਬਜ਼ੁਰਗ ਦੇ ਡਿੱਗ ਜਾਣ ਦੀ ਸੂਰਤ 'ਚ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਤੁਰੰਤ ਇਸ ਗੱਲ ਦੀ ਸੂਚਨਾ ਦੇਵੇਗਾ। ਆਈ. ਆਈ. ਟੀ. ਖੜਗਪੁਰ ਵਲੋਂ ਮੰਗਲਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ ਐਂਡਰਾਇਡ ਆਧਾਰਿਤ ਇਸ ਐਪ ਦਾ ਨਾਂ 'ਕੇਅਰ 4ਯੂ' ਅਤੇ ਇਹ ਬਜ਼ੁਰਗ ਅਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਆਪਸ 'ਚ ਜੋੜੇਗਾ। ਇਹ ਐਪ ਬੀ ਟੈਕ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਬਣਾਇਆ ਹੈ। ਬਜ਼ੁਰਗ ਵਿਅਕਤੀਆਂ ਦੇ ਫੋਨ ਵਿਚ ਇੰਸਟਾਲਡ ਇਹ ਐਪ ਪਤਾ ਲਾਵੇਗਾ ਕਿ ਕੀ ਕੋਈ ਬਜ਼ੁਰਗ ਡਿੱਗ ਗਿਆ ਹੈ ਅਤੇ ਅਜਿਹੀ ਹਾਲਤ ਵਿਚ ਇਹ ਦੇਖ-ਰੇਖ ਕਰਨ ਵਾਲਿਆਂ ਨੂੰ ਅਤੇ ਐਮਰਜੈਂਸੀ ਸੇਵਾਵਾਂ ਨੂੰ ਆਪਣੇ ਆਪ ਕਾਲ ਕਰ ਦੇਵੇਗਾ।
ਬਸ ਇੰਨਾ ਹੀ ਨਹੀਂ ਉਸ ਸਥਾਨ ਦੀ ਸਟੀਕ ਜਾਣਕਾਰੀ ਦੇਵੇਗਾ, ਜਿੱਥੇ ਬਜ਼ੁਰਗ ਡਿੱਗਿਆ ਹੈ। ਜਦੋਂ ਕੋਈ ਬਜ਼ੁਰਗ ਇਹ ਐਪ ਚਲਾਵੇਗਾ ਤਾਂ ਫੋਨ ਉਨ੍ਹਾਂ ਦੀ ਤਸਵੀਰ ਖਿੱਚੇਗਾ ਅਤੇ ਮੂਡ ਬਾਰੇ ਪਤਾ ਕਰੇਗਾ। ਇਸ ਐਪ ਨਾਲ ਰਿਸ਼ਤੇਦਾਰਾਂ ਨੂੰ ਪਤਾ ਲੱਗੇਗਾ ਕਿ ਬਜ਼ੁਰਗ ਦਾ ਪੂਰੇ ਦਿਨ ਮੂਡ ਕਿਵੇਂ ਦਾ ਰਿਹਾ। ਇਸ ਐਪ ਨੂੰ ਬਣਾਉਣ ਵਾਲੀ ਟੀਮ ਵਿਚ ਸ਼ਾਮਲ ਆਈ. ਆਈ. ਟੀ. ਖੜਗਪੁਰ ਦੇ 'ਡਿਪਾਰਟਮੈਂਟ ਆਫ ਇਲੈਕਟ੍ਰਾਨਿਕਸ ਐਂਡ ਇਲੈਕਟ੍ਰੀਕਲ ਕਮਿਊਨਿਕੇਸ਼ਨ ਇੰਜਨੀਅਰਿੰਗ' ਦੇ ਵਿਦਿਆਰਥੀ ਕਨਿਸ਼ਕ ਹਲਦਾਰ ਕਹਿੰਦੇ ਹਨ ਕਿ ਬਜ਼ੁਰਗ ਵਿਅਕਤੀ ਦੇ ਮੌਜੂਦਾ ਮੂਡ ਬਾਰੇ ਪਤਾ ਲਾਉਣ ਲਈ ਇਸ ਨੂੰ ਵਿਸ਼ੇਸ਼ ਰੂਪ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਐਪ 'ਚ ਬਜ਼ੁਰਗ ਵਿਅਕਤੀ ਦੀ ਮੈਡੀਕਲ ਹਿਸਟਰੀ ਵੀ ਰੱਖੀ ਜਾ ਸਕਦੀ ਹੈ।