ਭਰੂਣ ਦੇ ਦਿਮਾਗ ਦੀਆਂ 3ਡੀ ਤਸਵੀਰਾਂ ਜਾਰੀ ਕਰਨ ਵਾਲਾ ਦੁਨੀਆ ਦਾ ਪਹਿਲਾ ਸੰਸਥਾਨ ਬਣਿਆ IIT
Wednesday, Dec 11, 2024 - 10:02 AM (IST)
ਨਵੀਂ ਦਿੱਲੀ- ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.), ਮਦਰਾਸ ਨੇ ਭਰੂਣ ਦੇ ਦਿਮਾਗ ਦੀਆਂ ਸਭ ਤੋਂ ਵਿਸਥਾਰਤ 3-ਡੀ ਹਾਈ-ਰੈਜ਼ੋਲਿਊਸ਼ਨ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਨਾਲ ਉਹ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਖੋਜ ਸੰਸਥਾਨ ਬਣ ਗਿਆ ਹੈ। ਆਈ. ਆਈ. ਟੀ. ਮਦਰਾਸ ਦੇ ਨਿਰਦੇਸ਼ਕ ਵੀ. ਕਾਮਕੋਟੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤਰ੍ਹਾਂ ਦੇ ਹਾਈ-ਰੈਜ਼ੋਲਿਊਸ਼ਨ ਵਾਲੀਆਂ ਦਿਮਾਗ ਦੀਆਂ ਤਸਵੀਰਾਂ ਤਿਆਰ ਕਰਨ ਦਾ ਮੁੱਖ ਮਕਸਦ ਵਿਕਾਸ ਸਬੰਧੀ ਵਿਕਾਰਾਂ ਦੇ ਜਲਦੀ ਡਾਇਗਨੌਸਿਸ ਅਤੇ ਇਲਾਜ ਲਈ ਮੌਜੂਦਾ ਭਰੂਣ ਇਮੇਜਿੰਗ ਤਕਨਾਲੋਜੀ ’ਚ ਤਰੱਕੀ ਹੈ।
ਕਾਮਕੋਟੀ ਨੇ ਦੱਸਿਆ ਕਿ ਆਈ. ਆਈ. ਟੀ. ਮਦਰਾਸ ਦੇ ਸੁਧਾ ਗੋਪਾਲਕ੍ਰਿਸ਼ਣਨ ਬ੍ਰੇਨ ਸੈਂਟਰ ਵੱਲੋਂ ਕੀਤਾ ਗਿਆ ਇਹ ਕਾਰਜ ਬ੍ਰੇਨ ਮੈਪਿੰਗ ਤਕਨੀਕ ਦੀਆਂ ਹੱਦਾਂ ਨੂੰ ਪਰ੍ਹੇ ਧੱਕਦਾ ਹੈ ਅਤੇ ਭਾਰਤ ਨੂੰ ਬ੍ਰੇਨ ਮੈਪਿੰਗ ਵਿਗਿਆਨ ਦੇ ਗਲੋਬਲ ਸਮੂਹ ’ਚ ਸਥਾਨ ਦਿਵਾਉਂਦਾ ਹੈ, ਕਿਉਂਕਿ ਇਹ ਦੁਨੀਆ ’ਚ ਆਪਣੀ ਤਰ੍ਹਾਂ ਦਾ ਪਹਿਲਾ ਕਾਰਜ ਹੈ। ਖੋਜਕਾਰਾਂ ਮੁਤਾਬਕ ਦੇਸ਼ ਲਈ ਭਰੂਣ ਤੋਂ ਲੈ ਕੇ ਬੱਚੇ, ਕਿਸ਼ੋਰ ਅਵਸਥਾ ਅਤੇ ਜਵਾਨ ਬਾਲਿਗ ਤੱਕ ਦੇ ਦਿਮਾਗ ਦੇ ਵਿਕਾਸ ਅਤੇ ਆਟਿਜ਼ਮ ਵਰਗੇ ਵਿਕਾਸ ਸਬੰਧੀ ਵਿਕਾਰਾਂ ਨੂੰ ਸਮਝਣਾ ਮਹੱਤਵਪੂਰਨ ਹੈ। ਇਹ ਪ੍ਰਾਜੈਕਟ ਪੱਛਮੀ ਦੇਸ਼ਾਂ ਦੇ ਮੁਕਾਬਲੇ 1/10ਵੇਂ ਹਿੱਸੇ ਤੋਂ ਵੀ ਘੱਟ ਲਾਗਤ ’ਤੇ ਪੂਰਾ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8