ਹੁਣ ਨਹੀਂ ਪਵੇਗੀ ਦਰਦਨਾਕ ਟੈਸਟਾਂ ਦੀ ਲੋੜ ! ਸਿਰਫ਼ ਮੂੰਹ ਦੀ ਲਾਰ ਤੋਂ ਹੋਵੇਗੀ ਕੈਂਸਰ ਦੀ ਪਛਾਣ
Thursday, Aug 13, 2026 - 12:37 PM (IST)
ਇੰਦੌਰ (ਏਜੰਸੀ)- ਭਾਰਤੀ ਤਕਨਾਲੋਜੀ ਸੰਸਥਾਨ (ਆਈਆਈਟੀ) ਇੰਦੌਰ ਦੇ ਖੋਜਕਰਤਾਵਾਂ ਨੇ ਇਕ ਅਜਿਹੀ ਤਕਨੀਕ ਵਿਕਸਿਤ ਕੀਤੀ ਹੈ ਜੋ ਬਿਨਾਂ ਕਿਸੇ ਚੀਰਾ ਜਾਂ ਦਰਦ ਦੇ ਮਰੀਜ਼ ਦੀ ਲਾਰ ਅਤੇ ਸਵੈਬ (ਮੂੰਹ ਦੀ ਅੰਦਰਲੀ ਸਤਹ ਤੋਂ ਲਿਆ ਗਿਆ ਨਮੂਨਾ) ਦੀ ਵਰਤੋਂ ਕਰਕੇ ਮੂੰਹ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦੀ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਦੇ ਅਨੁਸਾਰ, ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਤਕਨੀਕ ਬੀਮਾਰੀ ਸਪੱਸ਼ਟ ਲੱਛਣਾਂ ਜਾਂ ਜ਼ਖਮਾਂ ਦੇ ਪ੍ਰਗਟ ਹੋਣ ਤੋਂ ਪਹਿਲਾਂ ਹੀ ਮਰੀਜ਼ ਦੇ ਸਰੀਰ 'ਚ ਅਣੂ ਤਬਦੀਲੀਆਂ ਦੀ ਪਛਾਣ ਕਰਨ 'ਚ ਮਦਦ ਕਰ ਸਕਦੀ ਹੈ। ਆਈਆਈਟੀ ਇੰਦੌਰ ਦੇ ਪ੍ਰੋਫੈਸਰ ਹੇਮਚੰਦਰ ਝਾਅ ਦੀ ਅਗਵਾਈ ਹੇਠ ਵਿਕਸਿਤ ਕੀਤੀ ਗਈ, ਇਹ ਤਕਨੀਕ ਮੁੱਖ ਤੌਰ 'ਤੇ 2 ਸਥਿਤੀਆਂ ਦੇ ਨਿਦਾਨ 'ਤੇ ਕੇਂਦ੍ਰਿਤ ਹੈ, ਜਿਨ੍ਹਾਂ 'ਚ 'ਓਰਲ ਸਬਮਿਊਕਸ ਫਾਈਬਰੋਸਿਸ' (ਗੁਟਖਾ, ਸੁਪਾਰੀ, ਜਾਂ ਤੰਬਾਕੂ ਦੇ ਸੇਵਨ ਕਾਰਨ ਮੂੰਹ ਦਾ ਸੁੰਗੜਨਾ) ਅਤੇ 'ਓਰਲ ਸਕੁਆਮਸ ਸੈੱਲ ਕਾਰਸੀਨੋਮਾ' (ਮੂੰਹ ਦੇ ਕੈਂਸਰ ਦੀ ਸਭ ਤੋਂ ਆਮ ਕਿਸਮ) ਸ਼ਾਮਲ ਹਨ।
ਖੋਜਕਰਤਾਵਾਂ ਨੇ ਪਾਇਆ ਕਿ ਊਰਜਾ ਪ੍ਰਬੰਧਨ, ਚਰਬੀ ਅਤੇ ਇਮਿਊਨਿਟੀ ਨਾਲ ਸਬੰਧਤ ਸੂਖਮ ਅਣੂ ਤਬਦੀਲੀਆਂ ਕੈਂਸਰ ਦੇ ਸ਼ੁਰੂ 'ਚ ਹੁੰਦੀਆਂ ਹਨ ਅਤੇ ਇਹ ਤਬਦੀਲੀਆਂ ਲਾਰ ਅਤੇ ਸਵੈਬ ਦੇ ਨਮੂਨਿਆਂ ਦੀ ਜਾਂਚ ਕਰਕੇ ਜਲਦੀ ਖੋਜੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਮੂੰਹ ਦੇ ਕੈਂਸਰ ਦੀ ਜਾਂਚ 'ਬਾਇਓਪਸੀ' ਰਾਹੀਂ ਕੀਤੀ ਜਾਂਦੀ ਹੈ, ਜਿਸ ਨਚ ਮੂੰਹ ਦੇ ਪ੍ਰਭਾਵਿਤ ਖੇਤਰ ਤੋਂ ਟਿਸ਼ੂ ਦਾ ਨਮੂਨਾ ਲੈਣਾ ਸ਼ਾਮਲ ਹੁੰਦਾ ਹੈ।
ਖੋਜਕਰਤਾਵਾਂ ਦੇ ਅਨੁਸਾਰ, ਇਹ ਪ੍ਰਕਿਰਿਆ ਮਰੀਜ਼ ਲਈ ਦਰਦਨਾਕ ਹੋ ਸਕਦੀ ਹੈ ਅਤੇ ਇਸ ਨੂੰ ਦੁਹਰਾਉਣਾ ਵਿਹਾਰਕ ਨਹੀਂ ਹੈ। ਇਸ ਦੇ ਉਲਟ, ਨਵੀਂ ਵਿਧੀ 'ਚ ਚੀਰਾ ਲਗਾਉਣ ਦੀ ਲੋੜ ਨਹੀਂ ਹੈ ਅਤੇ ਇਹ ਘੱਟ ਲਾਗਤ ਵਾਲੇ ਅਤੇ ਤੇਜ਼ ਜਾਂਚ ਲਈ ਉਪਯੋਗੀ ਹੋ ਸਕਦੀ ਹੈ। ਇਹ ਦੂਰ-ਦੁਰਾਡੇ ਅਤੇ ਪੇਂਡੂ ਖੇਤਰਾਂ 'ਚ ਮੂੰਹ ਦੇ ਕੈਂਸਰ ਦਾ ਸ਼ੁਰੂਆਤੀ ਪਤਾ ਲਗਾਉਣ 'ਚ ਮਦਦ ਕਰ ਸਕਦਾ ਹੈ। ਇਹ ਖੋਜਾਂ ਅੰਤਰਰਾਸ਼ਟਰੀ ਜਰਨਲ, ਬ੍ਰਿਟਿਸ਼ ਜਰਨਲ ਆਫ਼ ਕੈਂਸਰ 'ਚ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਅਤੇ ਸੰਸਥਾ ਨੇ ਇਸ ਦੇ ਲਈ ਇਕ ਪੇਟੈਂਟ ਅਰਜ਼ੀ ਵੀ ਦਾਇਰ ਕੀਤੀ ਹੈ। ਖੋਜਕਰਤਾ ਹੁਣ ਮਰੀਜ਼ਾਂ ਦੇ ਇਕ ਵੱਡੇ ਅਤੇ ਵਧੇਰੇ ਵਿਭਿੰਨ ਸਮੂਹ 'ਚ ਇਹਨਾਂ ਖੋਜਾਂ ਨੂੰ ਪ੍ਰਮਾਣਿਤ ਕਰਨ ਦੀ ਤਿਆਰੀ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
