ਕੋਰੋਨਾ ਟੀਕਾਕਰਨ ਮਗਰੋਂ IGMC ਦੇ ਤਿੰਨ ਡਾਕਟਰ ਹੋਏ ‘ਕੋਰੋਨਾ ਪਾਜ਼ੇਟਿਵ’

02/13/2021 5:26:24 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਸਥਿਤ ਇੰਦਰਾ ਗਾਂਧੀ ਮੈਡੀਕਲ ਕਾਲਜ ਐਂਡ ਹਸਪਤਾਲ (ਆਈ. ਜੀ. ਐੱਮ. ਸੀ.) ਦੇ ਤਿੰਨ ਡਾਕਟਰ ਕੋਰੋਨਾ ਟੀਕਾਕਰਨ ਮਗਰੋਂ ਪਾਜ਼ੇਟਿਵ ਪਾਏ ਗਏ ਹਨ। ਕਰੀਬ 10 ਦਿਨ ਬਾਅਦ ਇਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿੱਸੇ, ਜਿਸ ਤੋਂ ਬਾਅਦ ਤਿੰਨੋਂ ਦਾ ਕੋਰੋਨਾ ਟੈਸਟ ਕਰਵਾਇਆ ਗਿਆ। ਤਿੰਨੋਂ ਡਾਕਟਰਾਂ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਇਨ੍ਹਾਂ ਨੂੰ ਸਾਵਧਾਨੀ ਦੇ ਤੌਰ ’ਤੇ ਏਕਾਂਤਵਾਸ ਕਰ ਦਿੱਤਾ ਗਿਆ ਹੈ। ਇਹ ਤਿੰਨੋਂ ਕਿਸੇ ਪੀੜਤ ਦੇ ਸੰਪਰਕ ਵਿਚ ਆਉਣ ਨਾਲ ਪਾਜ਼ੇਟਿਵ ਹੋਏ ਹਨ। ਹਸਪਤਾਲ ਦੇ ਡਾ. ਰਜਨੀਸ਼ ਪਠਾਨੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ ਤਿੰਨੋਂ ਡਾਕਟਰ ਪਾਜ਼ੇਟਿਵ ਨਿਕਲੇ ਹਨ। ਅਜੇ ਤੱਕ ਇਨ੍ਹਾਂ ਨੂੰ ਵੈਕਸੀਨ ਦੀ ਦੂਜੀ ਡੋਜ਼ ਨਹੀਂ ਲਾਈ ਗਈ ਹੈ। 

ਦੱਸਿਆ ਗਿਆ ਹੈ ਕਿ ਵੈਕਸੀਨ ਦੀ ਪਹਿਲੀ ਖ਼ੁਰਾਕ ਮਿਲਣ ਤੋਂ ਬਾਅਦ ਡਾਕਟਰ ਨਿਯਮਿਤ ਰੂਪ ਨਾਲ ਆਪਣੀ ਡਿਊਟੀ ਕਰ ਰਹੇ ਸਨ। ਮੰਨਿਆ ਜਾ ਰਿਹਾ ਹੈ ਕਿ ਇਲਾਜ ਦੌਰਾਨ ਉਹ ਕੋਰੋਨਾ ਪੀੜਤ ਹੋ ਗਏ। ਡਾ. ਪਠਾਨੀਆ ਨੇ ਦੱਸਿਆ ਕਿ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਮਰੀਜ਼ਾਂ ਦੀ ਕੋਈ ਜਾਣਕਾਰੀ ਨਹੀਂ ਹੈ। ਵੈਕਸੀਨ ਦੇ ਅਸਰ ਜਾਂ ਬੇਅਸਰ ਹੋਣ ਦਾ ਇਸ ਨਾਲ ਕੋਈ ਸਬੰਧ ਨਹੀਂ ਹੈ। ਦੱਸ ਦੇਈਏ ਕਿ ਹਿਮਾਚਲ ’ਚ ਕੋਰੋਨਾ ਟੀਕਾਕਰਨ ਦਾ ਪਹਿਲਾ ਪੜਾਅ 16 ਜਨਵਰੀ ਤੋਂ ਸ਼ੁਰੂ ਕੀਤਾ ਗਿਆ ਸੀ।  ਪਹਿਲੇ ਪੜਾਅ ਵਿਚ 45 ਹਜ਼ਾਰ ਸਿਹਤ ਕਾਮਿਆਂ ਨੂੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ। ਪੁਣੇ ਦੇ ਸੀਰਮ ਇੰਸਟੀਚਿਊਟ ਤੋਂ ਹੁਣ ਤੱਕ ਸੂਬੇ ਨੂੰ 93 ਹਜ਼ਾਰ ਖ਼ੁਰਾਕਾਂ ਮਿਲੀਆਂ ਹਨ। ਇੱਥੇ ਦੂਜੇ ਪੜਾਅ ਦੀ ਮੁਹਿੰਮ ਵੀ ਸ਼ੁਰੂ ਹੋ ਜਾ ਰਹੀ ਹੈ।


Tanu

Content Editor

Related News